ਨਵੀਂ ਦਿੱਲੀ, 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਨਵੰਬਰ ਨੂੰ ਕੋਵਿਡ-19 ਵਿਰੋਧੀ ਟੀਕਾਕਰਨ ਮੁਹਿੰਮ ਵਿੱਚ ਪਛੜ ਰਹੇ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਸਮੀਖਿਆ ਮੀਟਿੰਗ ਕਰਨਗੇ। ਪ੍ਰਧਾਨ ਮੰਤਰੀ ਸਕੱਤਰੇਤ ਨੇ ਅੱਜ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਬੰਧਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਥੇ ਵੈਕਸੀਨ ਦੀ ਪਹਿਲੀ ਡੋਜ਼ ਦੇਣ ਦੀ ਦਰ 50 ਫੀਸਦੀ ਤੋਂ ਘੱਟ ਅਤੇ ਦੂਜੀ ਖੁਰਾਕ ਦੇਣ ਦੀ ਦਰ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਝਾਰਖੰਡ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਘੱਟ ਟੀਕਾਕਰਨ ਦਰਾਂ ਵਾਲੇ ਕੁਝ ਹੋਰ ਰਾਜਾਂ ਦੇ 40 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਗੱਲਬਾਤ ਕਰਨਗੇ।