ਚੰਡੀਗੜ੍ਹ: ਹਿਸਾਰ ਵਿੱਚ ਖਾਪ ਪੰਚਾਇਤਾਂ ਨੇ ਖੇਤੀ ਕਾਨੂੰਨਾਂ ਤੇ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਦੁੱਧ ਦਾ ਮੁੱਲ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪੰਚਾਇਤ ਦੇ ਬੁਲਾਰੇ ਨੇ ਦੱਸਿਆ, ‘ਅਸੀਂ ਦੁੱਧ 100 ਰੁਪਏ ਪ੍ਰਤੀ ਲਿਟਰ ਦੇਣ ਦਾ ਫ਼ੈਸਲਾ ਕੀਤਾ ਹੈ। ਸਾਡੀ ਡੇਅਰੀ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸਰਕਾਰੀ ਸਹਿਕਾਰੀ ਸੁਸਾਇਟੀਆਂ ਨੂੰ ਇਸੇ ਮੁੱਲ ’ਤੇ ਦੁੱਧ ਵੇਚਣ।’ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ 1 ਤੋਂ 5 ਮਾਰਚ ਤੱਕ ਦੁੱਧ ਵੇਚਣ ਦਾ ਬਾਈਕਾਟ ਕਰਨ ਤੇ ਭਾਅ ਵਧਾਉਣ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਦੁੱਧ ਦਾ ਮੁੱਲ 100 ਰੁਪਏ ਪ੍ਰਤੀ ਲਿਟਰ ਕਰਨ ਦੀ ਯੋਜਨਾ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਉਨ੍ਹਾਂ ਦੇ ਅੰਦੋਲਨ ਨੂੰ ਫੇਲ੍ਹ ਕਰ ਦੇਵੇਗੀ। -ਏਜੰਸੀਆਂ