ਨਵੀਂ ਦਿੱਲੀ: ਨੀਤੀ ਆਯੋਗ ਨੇ ਨਿੱਜੀਕਰਨ ਕੀਤੇ ਜਾਣ ਵਾਲੇ ਸਰਕਾਰੀ ਬੈਂਕਾਂ ਦੇ ਨਾਮ ਅਪਨਿਵੇਸ਼ ਬਾਰੇ ਸਕੱਤਰਾਂ ਦੇ ਕੋਰ ਗਰੁੱਪ ਨੂੰ ਸੌਂਪ ਦਿੱਤੇ ਹਨ। ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪ੍ਰਕਿਰਿਆ ਤਹਿਤ ਮੌਜੂਦਾ ਵਿੱਤੀ ਵਰ੍ਹੇ ’ਚ ਕੁਝ ਸਰਕਾਰੀ ਬੈਂਕ ਨਿੱਜੀ ਹੱਥਾਂ ’ਚ ਸੌਂਪੇ ਜਾਣਗੇ। ਨੀਤੀ ਆਯੋਗ ਨੂੰ ਦੋ ਸਰਕਾਰੀ ਬੈਂਕਾਂ ਅਤੇ ਇਕ ਜਨਰਲ ਇੰਸ਼ੋਰੈਂਸ ਕੰਪਨੀ ਦੇ ਨਿੱਜੀਕਰਨ ਲਈ ਉਨ੍ਹਾਂ ਦੇ ਨਾਵਾਂ ਦੀ ਚੋਣ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸਾਲ 2021-22 ਦੇ ਬਜਟ ’ਚ ਇਨ੍ਹਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਗਿਆ ਹੈ। ਕੈਬਨਿਟ ਸਕੱਤਰ ਦੀ ਅਗਵਾਈ ਹੇਠਲੇ ਸਕੱਤਰਾਂ ਦੇ ਕੋਰ ਗਰੁੱਪ ਤੋਂ ਪ੍ਰਵਾਨਗੀ ਮਿਲਣ ਮਗਰੋਂ ਚੁਣੇ ਗਏ ਬੈਂਕਾਂ ਦੇ ਨਾਮ ਬਦਲਵੇਂ ਪ੍ਰਬੰਧ ਕੋਲ ਮਨਜ਼ੂਰੀ ਲਈ ਭੇਜੇ ਜਾਣਗੇ। ਕੈਬਨਿਟ ਤੋਂ ਪ੍ਰਵਾਨਗੀ ਮਗਰੋਂ ਨਿੱਜੀਕਰਨ ਦਾ ਅਮਲ ਸ਼ੁਰੂ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਹੁਣੇ ਜਿਹੇ ਕਿਹਾ ਸੀ ਕਿ ਜਿਹੜੇ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ, ਉਨ੍ਹਾਂ ਦੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। -ਪੀਟੀਆਈ