ਨਵੀਂ ਦਿੱਲੀ: ਇਥੋਂ ਦੀ ਅਦਾਲਤ ਵੱਲੋਂ ਪਿਛਲੇ ਸਾਲ ਹੋਏ ਫਿਰਕੂ ਦੰਗਿਆਂ ਨਾਲ ਸਬੰਧਤ ਕੇਸ ’ਚ ਗਲਤ ਐੱਫਆਈਆਰ ਜੋੜਨ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਪੁਲੀਸ ਨੇ ਇਸ ਮਾਮਲੇ ’ਚ ਵੱਖਰੀਆਂ ਚਾਰਜਸ਼ੀਟਾਂ ਦਾਖ਼ਲ ਕਰਨ ਦਾ ਫ਼ੈਸਲਾ ਲਿਆ ਹੈ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਪੁਲੀਸ ਨੂੰ ਸਵਾਲ ਕੀਤੇ ਸਨ ਕਿ ਭਜਨਪੁਰਾ ਇਲਾਕੇ ਦੇ ਤਿੰਨ ਵੱਖ ਵੱਖ ਬਲਾਕਾਂ ਸੀ, ਡੀ ਅਤੇ ਈ ’ਚ ਹੋਏ ਦੰਗਿਆਂ, ਚੋਰੀ ਅਤੇ ਅੱਗਜ਼ਨੀ ਦੀਆਂ ਪੰਜ ਘਟਨਾਵਾਂ ਨੂੰ ਇਕ ਐੱਫਆਈਆਰ ’ਚ ਕਿਉਂ ਜੋੜਿਆ ਗਿਆ ਹੈ। ਭਜਨਪੁਰਾ ਦੇ ਐੱਸਐੱਚਓ ਨੇ 10 ਸਤੰਬਰ ਨੂੰ ਜਮ੍ਹਾਂ ਕਰਵਾਈ ਸਥਿਤੀ ਰਿਪੋਰਟ ’ਚ ਜਵਾਬ ਦਿੱਤਾ ਕਿ ਡੀ ਅਤੇ ਈ ਬਲਾਕਾਂ ’ਚ ਦੰਗਿਆਂ ਦੀਆਂ ਸ਼ਿਕਾਇਤਾਂ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਵੇਗੀ ਅਤੇ ਬਾਕੀ ਤਿੰਨ ਘਟਨਾਵਾਂ ਦੀਆਂ ਵੱਖਰੀਆਂ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਜਾਣਗੀਆਂ। ਇਸ ਕੇਸ ’ਚ ਦੋ ਮੁਲਜ਼ਮਾਂ ਨੀਰਜ ਅਤੇ ਮਨੀਸ਼ ਨੂੰ ਦੋ ਸ਼ਿਕਾਇਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ