ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਖਿਡਾਰੀਆਂ ਨੇ ਆਪਣੇ ਕੌਮੀ ਸਨਮਾਨ ਮੋੜਨ ਦੀ ਤਿਆਰੀ ਖਿੱਚ ਲਈ ਹੈ। ਪਦਮਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਰਾਸ਼ਟਰਪਤੀ ਨੂੰ ਮੋੜੇ ਜਾਣਗੇ। ਉਨ੍ਹਾਂ ਕੋਲੋਂ 6 ਜਾਂ 7 ਦਸੰਬਰ ਦਾ ਸਮਾਂ ਮੰਗਿਆ ਹੈ। ਜਲੰਧਰ ਤੋਂ 5 ਦਸੰਬਰ ਨੂੰ ਸਵੇਰੇ 9.00 ਵਜੇ ਖਿਡਾਰੀ ਇਕੱਠੇ ਹੋਣਗੇ ਤੇ ਕਾਫਲੇ ਦੇ ਰੂਪ ਵਿਚ ਦਿੱਲੀ ਵੱਲ ਕੂਚ ਕਰਨਗੇ। ਇਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਉਚੇਚੇ ਤੌਰ ’ਤੇ ਪਹੁੰਚਣਗੇ। ਖਿਡਾਰੀਆਂ ਦਾ ਇਹ ਰੋਸ ਮਾਰਚ ਲੁਧਿਆਣਾ, ਰਾਜਪੁਰਾ, ਅੰਬਾਲਾ, ਕੁਰੂਕਸ਼ੇਤਰ ਤੋਂ ਹੁੰਦਾ ਹੋਇਆ ਸਿੰਘੂ ਬਾਰਡਰ ’ਤੇ ਪਹੁੰਚੇਗਾ, ਜਿਥੇ ਖਿਡਾਰੀ ਕਿਸਾਨਾਂ ਨੂੰ ਮਿਲਣਗੇ। ਇਨ੍ਹਾਂ ਖਿਡਾਰੀਆਂ ਵਿਚ ਪਦਮਸ੍ਰੀ, ਅਰਜਨ ਐਵਾਰਡੀ, ਦਰੋਣਾਚਾਰੀਆ ਐਵਾਰਡੀ, ਧਿਆਨ ਚੰਦ ਐਵਾਰਡੀ ਅਤੇ ਹੋਰ ਕੌਮੀ ਐਵਾਰਡਾਂ ਵਾਲੇ ਖਿਡਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਇਕਜੁੱਟਤਾ ਨਾਲ ਕਿਸਾਨ ਦੇ ਮੋਰਚੇ ਦਾ ਡੱਟ ਕੇ ਸਮਰਥਨ ਕਰਦੇ ਹਨ।