ਗੁਰਦੀਪ ਸਿੰਘ ਭੱਟੀ
ਟੋਹਾਣਾ, 3 ਫਰਵਰੀ
ਕੰਡੇਲਾ ਖਾਪ ਪੰਚਾਇਤ ਵੱਲੋਂ ਲਏ ਜਨਤਕ ਫੈਸਲਿਆਂ ਦਾ ਇਤਿਹਾਸ ਗਵਾਹ ਹੈ। ਖਾਪ ਦੇ ਚਬੂਤਰੇ ਤੋਂ ਹੀ ਮਰਹੂਮ ਕਿਸਾਨ ਆਗੂ ਦੇਵੀ ਲਾਲ ਨੂੰ ਵੱਡਾ ਬਹੁਮੱਤ ਦੇ ਕੇ ਸੱਤਾ ਦੀ ਦਹਿਲੀਜ਼ ਤਕ ਪਹੁੰਚਾਉਣ ਵਰਗੇ ਫੈਸਲੇ ਲਏ ਗਏ। 19 ਸਾਲ ਪਹਿਲਾਂ ਕੰਡੇਲਾ ਵਿੱਚ ਹੋਈ ਮਹਾਪੰਚਾਇਤ ਨੇ ਹਰਿਆਣਾ ਨੂੰ ਨਵੀਂ ਸਿਆਸੀ ਰੌਸ਼ਨੀ ਦਿਖਾਈ ਸੀ। ਅੱਜ ਦੀ ਮਹਾਪੰਚਾਇਤ ਬੁਲਾਉਣ ਲਈ ਕੇਵਲ ਸੁਨੇਹੇ ਹੀ ਲਾਏ ਗਏ ਸਨ। ਜੀਂਦ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਤੇ ਬਾਵਜੂਦ ਕੰਡੇਲਾ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਜੁੜੀ ਭੀੜ ਨੇ ਸੂਬੇ ਦੀਆਂ ਭੀੜਾਂ ਦਾ ਰਿਕਾਰਡ ਤੋੜ ਦਿੱਤਾ। ਸੂਬੇ ਦੇ ਨੌਜਵਾਨ, ਕਿਸਾਨ, ਔਰਤਾਂ, ਬਜ਼ੁਰਗਾਂ ਨੇ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਰਤਨ ਸਿੰਘ ਮਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਹੋਰਨਾਂ ਅਹੁਦੇਦਾਰਾਂ ਦੇ ਸਵਾਗਤ ਲਈ ਅੱਖਾਂ ਵਿੱਛਾ ਦਿੱਤੀਆਂ।
ਕੰਡੇਲਾ ਖਾਪ ਦੇ ਪ੍ਰਧਾਨ ਚੌਧਰੀ ਟੇਕਰਾਮ ਕੰਡੇਲਾ ਦੀ ਪ੍ਰਧਾਨਗੀ ਵਿੱਚ ਹੋਈ ਮਹਾਪੰਚਾਇਤ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸਪਸ਼ਟ ਸੁਨੇਹਾ ਦੇਣ ਵਿੱਚ ਸਫ਼ਲ ਰਹੀ ਹੈ ਕਿ ਉਨ੍ਹਾਂ ਨੂੰ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕੁਝ ਵੀ ਮਨਜ਼ੂਰ ਨਹੀਂ।
ਰਾਕੇਸ਼ ਟਿਕੈਤ ਵੱਲੋਂ 26 ਜਨਵਰੀ ਦੀ ਰਾਤ ਨੂੰ ਕਿਸਾਨੀ ਬਚਾਉਣ ਤੇ ਹਾਅ ਦਾ ਨਾਅਰਾ ਮਾਰਨ ’ਤੇ ਚੌਧਰੀ ਟੇਕਰਾਮ ਨੇ ਉਸੇ ਰਾਤ ਨੂੰ ਪੰਚਾਇਤ ਬੁਲਾਈ ਤੇ ਪਿੰਡ ਦਾ ਪਾਣੀ ਦੇ ਕੇ ਕੰਡੇਲਾ ਤੋਂ ਰਾਤ ਨੂੰ ਕਿਸਾਨਾਂ ਦਾ ਜਥਾ ਦਿੱਲੀ ਵੱਲ ਤੋਰਿਆ ਸੀ। ਕੰਡੇਲਾ ਮਹਾਪੰਚਾਇਤ ਲਈ ਰਾਕੇਸ਼ ਟਿਕੈਤ ਨੇ ਟੈਲੀਫ਼ੋਨ ’ਤੇ ਟੇਕਰਾਮ ਨੂੰ ਕੰਡੇਲਾ ਆਉਣ ਦੀ ਸਹਿਮਤੀ ਦਿੱਤੀ ਸੀ। ਮਹਾਪੰਚਾਇਤ ਲਈ ਰਾਜੀਵ ਗਾਂਧੀ ਸਟੇਡੀਅਮ ਦੀ ਸੱਤ ਏਕੜ ਥਾਂ ਵੀ ਥੋੜ੍ਹੀ ਪੈ ਗਈ। ਕੁਝ ਹੀ ਦੂਰ ਨਾਲ ਲਗਦੀ ਦੋ ਏਕੜ ਵਿੱਚ ਪਾਰਕਿੰਗ ਬਣਾਈ ਗਈ ਸੀ। ਪੰਚਾਇਤ ਸੰਚਾਲਨ ਲਈ ਦੋ ਹਜ਼ਾਰ ਨੌਜਵਾਨ ਤਿਆਰ ਕੀਤੇ ਗਏ ਸਨ। ਪਿੰਡ ਵਾਸੀਆਂ ਨੇ ਕਿਸਾਨਾਂ ਲਈ ਚਾਹ, ਪਕੌੜੇ, ਨਾਸ਼ਤੇ ਵਿੱਚ ਆਲੂ ਮਟਰ, ਪਨੀਰ, ਬਾਜਰੇ ਤੇ ਮੱਕੀ ਦੀ ਰੋਟੀ, ਦੁੱਧ, ਦਹੀਂ, ਲੱਸੀ, ਹਲਵਾ, ਖੀਰ ਤੇ ਪੀਣੇ ਵਾਲੇ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਸੀ। ਕੰਡੇਲਾ ਦੇ ਪਰਿਵਾਰ ਵੱਲੋਂ ਆਏ ਕਿਸਾਨਾਂ ਦੀ ਦਿਲੋਂ ਖਾਤਿਰਦਾਰੀ ਕੀਤੀ ਗਈ। ਪੰਚਾਇਤ ਨੇ ਕਿਸਾਨ ਨੇਤਾਵਾਂ ਦੀ ਅਗਵਾਈ ਨੂੰ ਮਾਨਤਾ ਦਿੰਦੇ ਹੋਏ ਗੌਰ ਨਾਲ ਸੁਣਿਆ। ਰਾਕੇਸ਼ ਟਿਕੈਤ ਦੀ ਤਕਰੀਰ ਮੌਕੇ ਪੂਰੀ ਚੁੱਪ ਛਾਈ ਰਹੀ।