ਜੈਪੁਰ, 17 ਜੁਲਾਈ
ਕਾਂਗਰਸ ਦੇ ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਸਚਿਨ ਪਾਇਲਟ ਅਤੇ 18 ਹੋਰ ਵਿਧਾਇਕਾਂ ਨੂੰ ਅੱਜ ਰਾਜਸਥਾਨ ਹਾਈ ਕੋਰਟ ਤੋਂ ਚਾਰ ਦਿਨਾਂ ਦੀ ਉਸ ਸਮੇਂ ਰਾਹਤ ਮਿਲ ਗਈ ਜਦੋਂ ਡਿਵੀਜ਼ਨ ਬੈਂਚ ਨੇ ਵਿਧਾਨ ਸਭਾ ਸਪੀਕਰ ਨੂੰ ਬਾਗ਼ੀਆਂ ਨੂੰ ਸਦਨ ’ਚੋਂ ਅਯੋਗ ਠਹਿਰਾਉਣ ਸਬੰਧੀ ਕੋਈ ਕਾਰਵਾਈ ਕਰਨ ਤੋਂ ਰੋਕ ਦਿੱਤਾ। ਹਾਈ ਕੋਰਟ ਵੱਲੋਂ ਇਸ ਮੁੱਦੇ ’ਤੇ ਸੋਮਵਾਰ ਸਵੇਰੇ 10 ਵਜੇ ਸੁਣਵਾਈ ਕੀਤੀ ਜਾਵੇਗੀ। ਸਪੀਕਰ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਮੰਗਲਵਾਰ ਸ਼ਾਮ ਸਾਢੇ 5 ਵਜੇ ਤੱਕ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਪੀਕਰ ਸੀ ਪੀ ਜੋਸ਼ੀ ਨੇ ਅਦਾਲਤ ਨੂੰ ਪੱਤਰ ਲਿਖਿਆ ਸੀ ਕਿ ਸ਼ੁੱਕਰਵਾਰ 5 ਵਜੇ ਤੱਕ ਨੋਟਿਸਾਂ ’ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਪਟੀਸ਼ਨਰਾਂ ਵੱਲੋਂ ਹਰੀਸ਼ ਸਾਲਵੇ ਅਤੇ ਮੁਕੁਲ ਰੋਹਤਗੀ ਨੇ ਦਲੀਲਾਂ ਪੇਸ਼ ਕੀਤੀਆਂ। ਕੇਸ ਦੀ ਸੁਣਵਾਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਹੋਰ ਵਕੀਲ ਨੇ ਕਿਹਾ,‘‘ਬਹਿਸ ਦੌਰਾਨ ਦਲੀਲ ਦਿੱਤੀ ਗਈ ਕਿ ਸਪੀਕਰ ਦੀਆਂ ਤਾਕਤਾਂ ਖੁਦਮੁਖਤਿਆਰ ਹਨ ਅਤੇ ਉਨ੍ਹਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਨਿਆਂਪਾਲਿਕਾ ਨੂੰ ਨੋਟਿਸਾਂ ’ਤੇ ਹੁਕਮ ਜਾਰੀ ਹੋਣ ਤੱਕ ਦਖ਼ਲ ਨਹੀਂ ਦੇਣਾ ਚਾਹੀਦਾ ਹੈ। ਸਿੰਘਵੀ ਵੱਲੋਂ ਸੋਮਵਾਰ ਸਵੇਰੇ 10 ਵਜੇ ਬਹਿਸ ਮੁੜ ਸ਼ੁਰੂ ਕੀਤੀ ਜਾਵੇਗੀ।’’ ਬੈਂਚ ਨੇ ਕਾਂਗਰਸ ਦੇ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੂੰ ਕਿਹਾ ਕਿ ਉਹ ਬਾਗ਼ੀਆਂ ਵੱਲੋਂ ਦਾਖ਼ਲ ਪਟੀਸ਼ਨ ’ਤੇ ਸ਼ਨਿਚਰਵਾਰ ਤੱਕ ਆਪਣਾ ਜਵਾਬ ਦਾਖ਼ਲ ਕਰਨ। ਪਾਇਲਟ ਧੜੇ ਨੇ ਦਲੀਲ ਦਿੱਤੀ ਕਿ ਪਾਰਟੀ ਵ੍ਹਿਪ ਤਾਂ ਹੀ ਲਾਗੂ ਹੁੰਦਾ ਹੈ ਜਦੋਂ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸਪੀਕਰ ਨੂੰ ਸ਼ਿਕਾਇਤ ਕਰ ਕੇ ਪਾਇਲਟ ਅਤੇ ਹੋਰ ਬਾਗ਼ੀਆਂ ਖਿਲਾਫ਼ ਸੰਵਿਧਾਨ ਦੀ 10ਵੀਂ ਸੂਚੀ ਦੇ ਪੈਰੇ 2(1) ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਤਹਿਤ ਜੇਕਰ ਆਗੂ ਪਾਰਟੀ ਦੀ ਮੈਂਬਰਸ਼ਿਪ ਆਪਣੀ ਇੱਛਾ ਨਾਲ ਛੱਡ ਦਿੰਦੇ ਹਨ ਤਾਂ ਵਿਧਾਇਕਾਂ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ। ਬਾਗ਼ੀ ਧੜੇ ਨੇ ਕਿਹਾ ਕਿ ਪਾਇਲਟ ਨੇ ਕਦੇ ਵੀ ਪਾਰਟੀ ਛੱਡਣ ਦੇ ਸੰਕੇਤ ਨਹੀਂ ਦਿੱਤੇ ਹਨ। ਪਟੀਸ਼ਨਰਾਂ ਨੇ ਕਿਹਾ ਹੈ ਕਿ ਉਹ ਕਾਂਗਰਸ ਦੀ ਟਿਕਟ ’ਤੇ ਚੁਣ ਕੇ ਆਏ ਹਨ ਅਤੇ ਉਹ ਕਿਸੇ ਦੂਜੀ ਪਾਰਟੀ ’ਚ ਨਹੀਂ ਜਾ ਰਹੇ ਹਨ। -ਪੀਟੀਆਈ
ਕਾਂਗਰਸ ਨੇ ਕੇਂਦਰੀ ਮੰਤਰੀ ’ਤੇ ਲਗਾਏ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਦੋਸ਼
ਜੈਪੁਰ: ਅਸ਼ੋਕ ਗਹਿਲੋਤ ਸਰਕਾਰ ਨੂੰ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਰਾਹੀਂ ਡੇਗਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਰਾਜਸਥਾਨ ਪੁਲੀਸ ਨੇ ਕਾਂਗਰਸ ਦੀ ਸ਼ਿਕਾਇਤ ’ਤੇ ਦੋ ਐੱਫਆਈਆਰ ਦਰਜ ਕੀਤੀਆਂ ਹਨ। ਐੱਫਆਈਆਰ ’ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਭੰਵਰਲਾਲ ਸ਼ਰਮਾ ਅਤੇ ਸੰਜੈ ਜੈਨ ਦੇ ਨਾਮ ਸ਼ਾਮਲ ਹਨ। ਦੋ ਆਡੀਓ ਕਲਿੱਪਾਂ ਨਸ਼ਰ ਹੋਣ ਮਗਰੋਂ ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਅਤੇ ਕਾਂਗਰਸ ਦੇ ਬਾਗ਼ੀ ਵਿਧਾਇਕ ਭੰਵਰਲਾਲ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੇ ਇਤਿਹਾਸ ’ਚ ਕਾਲਾ ਅਧਿਆਏ ਹੈ। ਉਧਰ ਕਾਂਗਰਸ ਨੇ ਵਿਧਾਇਕਾਂ ਭੰਵਰਲਾਲ ਸ਼ਰਮਾ ਅਤੇ ਵਿਸ਼ਵੇਂਦਰ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਸਚਿਨ ਪਾਇਲਟ ਦੇ ਵਫ਼ਾਦਾਰ ਸ਼ਰਮਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਏਡੀਜੀ (ਏਟੀਐੱਸ ਅਤੇ ਐੱਸਓਜੀ) ਅਸ਼ੋਕ ਰਾਠੌੜ ਨੇ ਦੱਸਿਆ ਕਿ ਧਾਰਾ 124-ਏ (ਦੇਸ਼ਧ੍ਰੋਹ) ਅਤੇ 120-ਬੀ (ਸਾਜ਼ਿਸ਼ ਘੜਨ) ਤਹਿਤ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਡੀਓ ’ਚ ਸਾਹਮਣੇ ਆਏ ਸੰਜੈ ਜੈਨ ਨਾਮ ਦੇ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਮਹੇਸ਼ ਜੋਸ਼ੀ ਨੇ ਦਾਅਵਾ ਕੀਤਾ ਕਿ ਆਵਾਜ਼ ਤੋਂ ਭੰਵਰਲਾਲ ਸ਼ਰਮਾ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਉਹ ਸੰਜੈ ਜੈਨ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੇਖਾਵਤ ਨੂੰ ਖੁਦ ਹੀ ਅੱਗੇ ਆ ਕੇ ਆਵਾਜ਼ ਦੇ ਨਮੂਨੇ ਦੇਣੇ ਚਾਹੀਦੇ ਹਨ ਤਾਂ ਜੋ ਸਭ ਕੁਝ ਸਪੱਸ਼ਟ ਹੋ ਸਕੇ। -ਪੀਟੀਆਈ
ਰਾਜਸਥਾਨ ਪੁਲੀਸ ਨੂੰ ਡੇਢ ਘੰਟੇ ਬਾਅਦ ਮਿਲੀ ਹੋਟਲ ਅੰਦਰ ਜਾਣ ਦੀ ਇਜਾਜ਼ਤ
ਮਾਨੇਸਰ (ਹਰਿਆਣਾ): ਰਾਜਸਥਾਨ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ ਦੀ ਟੀਮ ਨੂੰ ਆਡੀਓ ਕਲਿੱਪ ਮਾਮਲੇ ’ਚ ਬਾਗ਼ੀ ਵਿਧਾਇਕਾਂ ਤੋਂ ਪੁੱਛ-ਗਿੱਛ ਲਈ ਮਾਨੇਸਰ ਦੇ ਹੋਟਲ ਅੰਦਰ ਦਾਖ਼ਲ ਹੋਣ ਲਈ ਡੇਢ ਘੰਟੇ ਤੱਕ ਉਡੀਕ ਕਰਨੀ ਪਈ। ਹੋਟਲ ਦੇ ਬਾਹਰ ਤਾਇਨਾਤ ਹਰਿਆਣਾ ਪੁਲੀਸ ਨੇ ਟੀਮ ਨੂੰ ਅੰਦਰ ਨਹੀਂ ਜਾਣ ਦਿੱਤਾ। ਰਿਪੋਰਟਾਂ ਮਗਰੋਂ ਐੱਸਪੀ ਦੀ ਅਗਵਾਈ ਹੇਠ ਆਈ ਟੀਮ ਨਾਲ ਖਿੱਚ-ਧੂਹ ਵੀ ਕੀਤੀ ਗਈ ਸੀ। -ਪੀਟੀਆਈ
ਜਾਂਚ ਦਾ ਸਾਹਮਣਾ ਕਰਨ ਲਈ ਤਿਆਰ: ਸ਼ੇਖਾਵਤ
ਨਵੀਂ ਦਿੱਲੀ: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਆਡੀਓ ਕਲਿੱਪਾਂ ’ਚ ਉਸ ਦੀ ਆਵਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਕਾਂਗਰਸ ਵੱਲੋਂ ਕੇਂਦਰੀ ਮੰਤਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੇ ਜਾਣ ਮਗਰੋਂ ਉਨ੍ਹਾਂ ਇਹ ਬਿਆਨ ਦਿੱਤਾ ਹੈ। -ਪੀਟੀਆਈ