ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਦੀ ‘ਆਈਐੱਫਐੱਸਓ’ ਯੂਨਿਟ ਨੇ ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਧਮਕੀ ਭਰੇ ਈਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਹੈ। ਪੁਲੀਸ ਨੇ ਕਿਹਾ ਕਿ ਇਹ ਮੇਲ ਪਾਕਿਸਤਾਨ ਤੋਂ ਸ਼ਾਹਿਦ ਹਾਮਿਦ ਨਾਂ ਦੇ ਵਿਅਕਤੀ ਨੇ ਭੇਜੀਆਂ ਸੀ। ਇਸ ਦੇ ਆਈਪੀ ਐਡਰੈੱਸ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਜਾਂਚ ਜਾਰੀ ਹੈ। ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ ਨੇ ਗੂਗਲ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਐੱਮਪੀ ਗੰਭੀਰ ਸਮੇਤ ਕੁਝ ਹੋਰ ਲੋਕਾਂ ਨੂੰ ਵੀ ਹਾਮਿਦ ਵੱਲੋਂ ਅਤਿਵਾਦੀ ਜਥੇਬੰਦੀ ਆਈਐੱਸਆਈਐੱਸ ਕਸ਼ਮੀਰ ਦੇ ਨਾਂ ’ਤੇ ਅਜਿਹੇ ਧਮਕੀ ਭਰੇ ਈਮੇਲ ਮਿਲੇ ਸਨ। ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਵੀ ਜਾਂਚ ’ਚ ਮਦਦ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗੰਭੀਰ ਨੂੰ ‘ਆਈਐੱਸਆਈਐੱਸ ਕਸ਼ਮੀਰ’ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਦੋ ਕਥਿਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।