ਕੋਲਕਾਤਾ, 20 ਜਨਵਰੀ
ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਪਾਰਟੀ ਵਰਕਰਾਂ ਵੱਲੋਂ ਲਾਏ ਵਿਵਾਦਤ ਨਾਅਰੇ ‘ਬੰਗਾਲ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋ ਕੋ’ ਤੋਂ ਪਾਸਾ ਵੱਟ ਲਿਆ ਹੈ। ਇਹ ਨਾਅਰੇ ਇਕ ਰੈਲੀ ਦੌਰਾਨ ਲਾਏ ਗਏ ਸਨ ਤੇ ਪਾਰਟੀ ਨੇ ਖ਼ੁਦ ਨੂੰ ਇਸ ਘਟਨਾ ਤੋਂ ਵੱਖ ਕਰ ਲਿਆ ਹੈ। ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਨਾਅਰੇ ਲਾਉਣ ਵਾਲੇ ਕਾਰਕੁਨਾਂ ਨੂੰ ਝਾੜ ਵੀ ਪਾਈ ਹੈ। ਘੋਸ਼ ਨੇ ਕਿਹਾ ਕਿ ਇਹ ਨਾਅਰੇ ਨੌਜਵਾਨ ਸਮਰਥਕਾਂ ਨੇ ‘ਜ਼ਿਆਦਾ ਜੋਸ਼’ ਵਿਚ ਆ ਕੇ ਲਾ ਦਿੱਤੇ ਹਨ ਤੇ ਪਾਰਟੀ ਇਸ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਦੱਖਣੀ ਕੋਲਕਾਤਾ ਦੀ ਰੈਲੀ ਵਿਚ ਅਜਿਹੇ ਨਾਅਰੇ ਨਹੀਂ ਲਾਏ ਜਾਣੇ ਚਾਹੀਦੇ ਸਨ। ਜ਼ਿਕਰਯੋਗ ਹੈ ਕਿ ਇਕ ਭਾਜਪਾ ਆਗੂ ਨੇ ਦਿੱਲੀ ਵਿਚ ਜਨਵਰੀ 2020 ’ਚ ਵੀ ਅਜਿਹੇ ਨਾਅਰੇ ਲਾਏ ਸਨ ਤੇ ਪੂਰੇ ਮੁਲਕ ਵਿਚ ਇਸ ’ਤੇ ਵੱਡਾ ਵਿਵਾਦ ਹੋ ਗਿਆ ਸੀ। ਸੀਪੀਐਮ ਦੇ ਆਗੂ ਸੁਜਾਨ ਚਕਰਵਰਤੀ ਨੇ ਦਾਅਵਾ ਕੀਤਾ ਕਿ ਭਾਜਪਾ ਤੇ ਟੀਐਮਸੀ ਦੋਵੇਂ ‘ਤਬਾਹਕੁਨ ਸਿਆਸਤ ਵੱਲ ਵੱਧ ਰਹੇ ਹਨ ਤੇ ਸੂਬੇ ਦੀ ਸ਼ਾਂਤੀ ਭੰਗ ਕਰ ਰਹੇ ਹਨ।’
-ਪੀਟੀਆਈ
ਭਾਜਪਾ ਰੈਲੀ ’ਚ ਵੀ ਲੱਗੇ ‘ਗੋਲੀ ਮਾਰੋ’ ਦੇ ਨਾਅਰੇ
ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਦੀ ਅਗਵਾਈ ਵਿਚ ਚੰਦਨਨਗਰ ’ਚ ਕੀਤੀ ਗਈ ਇਕ ਰੈਲੀ ਵਿਚ ਵੀ ਭੜਕਾਊ ‘ਗੋਲੀ ਮਾਰੋ…’ ਦੇ ਨਾਅਰੇ ਲੱਗੇ ਹਨ। ਭਾਜਪਾ ਵਰਕਰਾਂ ਨੇ ਪਾਰਟੀ ਦਾ ਝੰਡਾ ਤੇ ਤਿਰੰਗਾ ਫੜਿਆ ਹੋਇਆ ਸੀ ਤੇ ਨਾਅਰੇ ਲਾ ਰਹੇ ਸਨ। ਸੂਬਾਈ ਭਾਜਪਾ ਦੇ ਬੁਲਾਰੇ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਪਾਰਟੀ ਅਜਿਹੇ ਨਾਅਰਿਆਂ ਦਾ ਸਮਰਥਨ ਨਹੀਂ ਕਰਦੀ।
ਆਜ਼ਾਦ ਹਿੰਦ ਫ਼ੌਜ ਬਾਰੇ ਕਿਤਾਬ ਰਿਲੀਜ਼ ਕਰਨ ਦੀ ਮੰਗ
ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਤੋਂ ਕੁਝ ਦਿਨ ਪਹਿਲਾਂ ਟੀਐਮਸੀ ਨੇ ਅੱਜ ਮੰਗ ਕੀਤੀ ਕਿ ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸ ਬਾਰੇ ਕਿਤਾਬ ਨੂੰ ਰੱਖਿਆ ਮੰਤਰਾਲਾ ਜਨਤਕ ਕਰੇ। ਦੱਸਣਯੋਗ ਹੈ ਕਿ ਆਜ਼ਾਦ ਹਿੰਦ ਫ਼ੌਜ ਬਾਰੇ ਇਸ ਕਿਤਾਬ ਦਾ ਸੰਕਲਨ ਰੱਖਿਆ ਮੰਤਰਾਲੇ ਦੀ ਇਤਿਹਾਸ ਡਿਵੀਜ਼ਨ ਨੇ ਕੀਤਾ ਹੈ। ਕਿਤਾਬ ਇਤਿਹਾਸਕਾਰ ਪੀਸੀ ਗੁਪਤਾ ਨੇ ਸੰਪਾਦਤ ਕੀਤੀ ਹੈ। ਟੀਐਮਸੀ ਸੰਸਦ ਮੈਂਬਰ ਸੁਖੇਂਦੂ ਸੇਖਰ ਰੌਏ ਨੇ ਕਿਹਾ ਕਿ ਯੂਪੀਏ ਤੇ ਐਨਡੀਏ ਸਰਕਾਰ ਨੇ ਇਸ ਕਿਤਾਬ ਨੂੰ ਰਿਲੀਜ਼ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।