ਨਵੀਂ ਦਿੱਲੀ, 8 ਸਤੰਬਰ
ਦੱਖਣੀ ਕੋਰਿਆਈ ਕੰਪਨੀ ਦੀ ਯੂਨਿਟ ‘ਪਬਜੀ ਕੋਰਪ’ ਜੋ ਕਿ ‘ਪਲੇਅਰਅਨਨੋਨ ਬੈਟਲਗਰਾਊਂਡ’ (ਪਬਜੀ) ਦੀ ਅਸਲ ਨਿਰਮਾਤਾ ਹੈ, ਨੇ ਕਿਹਾ ਹੈ ਕਿ ਉਹ ਭਵਿੱਖ ਵਿਚ ਟੇਨਸੇਂਟ ਗੇਮਜ਼ ਨੂੰ ‘ਪਬਜੀ’ ਭਾਰਤ ਵਿਚ ਚਲਾਉਣ ਦੀ ਆਗਿਆ ਨਹੀਂ ਦੇਣਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਚੀਨ ਅਧਾਰਿਤ 118 ਐਪਸ ਬੰਦ ਕਰ ਦਿੱਤੀਆਂ ਹਨ। ਪਬਜੀ ਵੀ ਉਨ੍ਹਾਂ ਵਿਚੋਂ ਇਕ ਹੈ। ਸਰਹੱਦੀ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਇਹ ਕਦਮ ਚੁੱਕੇ ਹਨ। ਹੁਣ ‘ਪਬਜੀ ਕਾਰਪੋਰੇਸ਼ਨ’ ਹੀ ਅਗਾਂਹ ਭਾਰਤ ਵਿਚ ਸਾਰਾ ਕੰਮਕਾਜ ਸੰਭਾਲੇਗੀ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਭਾਰਤ ਸਰਕਾਰ ਪਾਬੰਦੀ ਚੁੱਕਣ ਬਾਰੇ ਸੋਚ ਰਹੀ ਹੈ ਜਾਂ ਨਹੀਂ। ਟੇਨਸੇਂਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਭਵਿੱਖ ਵਿਚ ਪਬਜੀ ਕੋਰਪ ਹੀ ਸਾਰੀ ਜ਼ਿੰਮੇਵਾਰੀ ਸਾਂਭੇਗੀ। -ਰਾਇਟਰਜ਼