ਬਹੁਚਰਾਜੀ (ਗੁਜਰਾਤ), 12 ਅਕਤੂਬਰ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਅੱਜ ਗੁਜਰਾਤ ਦੇ ਬਹੁਚਰਾਜੀ ਮੰਦਰ ਤੋਂ ਪਾਰਟੀ ਦੀ ‘ਗੌਰਵ ਯਾਤਰਾ’ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਸਿਰਫ਼ ਭਾਜਪਾ ਜਾਂ ਗੁਜਰਾਤ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਹ ਭਾਰਤ ਦਾ ਮਾਣ ਵਧਾਏਗੀ। ਉਨ੍ਹਾਂ ਕਾਂਗਰਸ ’ਤੇ ਗੁਜਰਾਤ ਦਾ ਵਿਕਾਸ ਰੋਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਵਿਰੋਧੀ ਧਿਰ ‘ਲਟਕ ਤੇ ਭਟਕ’ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਪਾਰਟੀ ਦੀ ਗੌਰਵ ਯਾਤਰਾ ਸ਼ੁਰੂ ਕਰਨਗੇ।
ਇਸ ਸਾਲ ਦਸੰਬਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੋ ਦਿਨਾਂ ’ਚ ਪੰਜ ਯਾਤਰਾਵਾਂ ਸ਼ੁਰੂ ਕਰੇਗੀ ਜੋ ਗੁਜਰਾਤ ਦੇ ਵੱਖ ਵੱਖ ਹਿੱਸਿਆਂ ’ਚੋਂ ਹੋ ਕੇ ਲੰਘਣਗੀਆਂ। ਨੱਢਾ ਨੇ ਅੱਜ ਮਹਿਸਾਨਾ ਜ਼ਿਲ੍ਹੇ ਦੇ ਬਹੁਚਰਾਜੀ ਤੋਂ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ 20 ਅਕਤੂਬਰ ਨੂੰ ਕੱਛ ਦੇ ਮਾਂਡਵੀ ’ਚ ਸਮਾਪਤ ਹੋਵੇਗੀ। ਕਈ ਕੇਂਦਰੀ ਮੰਤਰੀ ਤੇ ਗੁਜਰਾਤ ਭਾਜਪਾ ਦੇ ਕਈ ਆਗੂ ਵੱਖ ਵੱਖ ਥਾਵਾਂ ’ਤੇ ਯਾਤਰਾ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, ‘ਭਾਜਪਾ ਜਾਂ ਗੁਜਰਾਤ ਦੀ ਗੌਰਵ ਯਾਤਰਾ ਨਹੀਂ ਹੈ ਬਲਕਿ ਭਾਰਤ ਦਾ ਮਾਣ ਵਧਾਉਣ ਵਾਲੀ ਯਾਤਰਾ ਹੈ। ਇਹ ਯਾਤਰਾ ਗੁਜਰਾਤ ਤੋਂ ਭਾਰਤ ਦੀ ਯਾਤਰਾ ਦੀ ਕਹਾਣੀ ਹੈ।’ ਨੱਢਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਭਰਾ ਨੂੰ ਭਰਾ ਨਾਲ ਲੜਾਇਆ। ਇਲਾਕੇ ਨੂੰ ਇਲਾਕੇ ਨਾਲ ਲੜਾਇਆ। ਵਿਕਾਸ ਦੀ ਯਾਤਰਾ ’ਚ ਅੜਿੱਕਾ ਪਾ ਕੇ ਇਸ ਨੂੰ ਭਟਕਾਇਆ ਅਤੇ ਅੱਜ ਉਹ ਖੁਦ ਲਟਕੇ ਤੇ ਭਟਕੇ ਹੋਏ ਹਨ। -ਪੀਟੀਆਈ
ਪ੍ਰਧਾਨ ਮੰਤਰੀ ਨੇ ਹਥਿਆਰਾਂ ਦੇ ਸੌਦਿਆਂ ’ਚ ਭ੍ਰਿਸ਼ਟਾਚਾਰ ਖਤਮ ਕੀਤਾ: ਨੱਢਾ
ਸ਼ਿਮਲਾ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਪਹਿਲਾਂ ਹਥਿਆਰਾਂ ਦੇ ਸੌਦਿਆਂ ’ਚ ਭ੍ਰਿਸ਼ਟਾਚਾਰ ਆਮ ਹੁੰਦਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੁਝਾਨ ਨੂੰ ਖਤਮ ਕਰ ਦਿੱਤਾ ਹੈ। ਉਹ ਅੱਜ ਹਿਮਾਚਲ ਪ੍ਰਦੇਸ਼ ’ਚ ਆਪਣੇ ਘਰੇਲੂ ਜ਼ਿਲ੍ਹੇ ਬਿਲਾਸਪੁਰ ’ਚ ਇਨਡੋਰ ਆਡੀਟੋਰੀਅਮ ਦੇ ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਭਾਰਤ ਹਥਿਆਰਾਂ ਦੀ ਖਰੀਦ ਕਰਦਾ ਸੀ ਅਤੇ ਅਜਿਹੇ ਸੌਦਿਆਂ ’ਚ ਕਈ ਘੁਟਾਲੇ ਹੁੰਦੇ ਸਨ ਪਰ ਹੁਣ ਭਾਰਤ ਦੁਨੀਆ ਨੂੰ ਹਥਿਆਰ ਵੇਚ ਰਿਹਾ ਹੈ। ਉਨ੍ਹਾਂ ਕਿਹਾ ਬੋਫੋਰਸ ਘੁਟਾਲਾ, ਹੈਲੀਕਾਪਟਰ ਘੁਟਾਲਾ ਤੇ ਸਬਮਰੀਨ ਘੁਟਾਲੇ ਜਿਹੇ ਘਪਲੇ ਹਥਿਆਰਾਂ ਦੇ ਸੌਦਿਆਂ ਦੇ ਸਮਾਨ-ਅਰਥੀ ਸਨ ਪਰ ਹੁਣ ਭਾਰਤ ਵੱਲੋਂ ਦੁਨੀਆ ਨੂੰ ਹਥਿਆਰਾਂ ਦੀ ਬਰਾਮਦ ਛੇ ਗੁਣਾਂ ਵੱਧ ਚੁੱਕੀ ਹੈ। -ਪੀਟੀਆਈ