ਪੁੱਡੂਚੇਰੀ, 10 ਸਤੰਬਰ
ਭਾਰਤ ਦੇ ਚੀਫ਼ ਜਸਟਿਸ ਯੂ ਯੂ ਲਲਿਤ ਨੇ ਕਿਹਾ ਹੈ ਕਿ ਨੇੜ ਭਵਿੱਖ ’ਚ ਵੱਡੀ ਗਿਣਤੀ ਮਹਿਲਾਵਾਂ ਨਿਆਂਪਾਲਿਕਾ ਦਾ ਹਿੱਸਾ ਬਣਨਗੀਆਂ। ਇਥੇ ਡਾਕਟਰ ਬੀ ਆਰ ਅੰਬੇਡਕਰ ਸਰਕਾਰੀ ਲਾਅ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਨੇ ਉਪ ਰਾਜਪਾਲ ਟੀ ਸੌਂਦਰਰਾਜਨ ਦੀ ਅਪੀਲ ਦਾ ਜ਼ਿਕਰ ਕੀਤਾ ਜਿਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਲੜਕੀਆਂ ਨੂੰ ਕਾਨੂੰਨ ਦੀ ਪੜ੍ਹਾਈ ਲਈ ਵੱਡੀ ਗਿਣਤੀ ’ਚ ਅੱਗੇ ਆਉਣਾ ਚਾਹੀਦਾ ਹੈ। ਜਸਟਿਸ ਲਲਿਤ ਨੇ ਕਿਹਾ ਕਿ ਉੜੀਸਾ, ਝਾਰਖੰਡ, ਰਾਜਸਥਾਨ ਅਤੇ ਤਾਮਿਲ ਨਾਡੂ ਸਮੇਤ ਪੰਜ ਸੂਬਿਆਂ ’ਚ ਪਹਿਲਾਂ ਤੋਂ ਹੀ ਨਿਆਂਪਾਲਿਕਾ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਲ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਲਾਅ ਕਾਲਜਾਂ ’ਚ ‘ਫ਼ੈਸਲੇ ਲੈਣ’ ਵਾਲਾ ਵਿਸ਼ਾ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਇਕ ਸੋਵੀਨਰ ਵੀ ਰਿਲੀਜ਼ ਕੀਤਾ। ਮੁੱਖ ਮੰਤਰੀ ਐੱਨ ਰੰਗਾਸਾਮੀ ਨੇ ਕਿਹਾ ਕਿ ਪੇਰੀਆ ਕਾਲਾਪੇਟ ਨੇੜੇ ਲਾਅ ਯੂਨੀਵਰਸਿਟੀ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪੁੱਡੂਚੇਰੀ ’ਚ ਮਦਰਾਸ ਹਾਈ ਕੋਰਟ ਦੀ ਬੈਂਚ ਸਥਾਪਤ ਕਰਨ ਦੀ ਮੰਗ ਵੀ ਕੀਤੀ। ਰੰਗਾਸਾਮੀ ਨੇ ਕਿਹਾ ਕਿ ਪੁੱਡੂਚੇਰੀ ਸਰਕਾਰ ਨੌਜਵਾਨ ਵਕੀਲਾਂ ਨੂੰ ਪ੍ਰੈਕਟਿਸ ਦੌਰਾਨ ਹਰ ਮਹੀਨੇ 9 ਹਜ਼ਾਰ ਰੁਪਏ ਦੇ ਰਹੀ ਹੈ। ਸਮਾਗਮ ਨੂੰ ਸੁਪਰੀਮ ਕੋਰਟ ਦੇ ਜੱਜਾਂ ਵੀ ਰਾਮਾਸੁਬਰਾਮਣੀਅਨ ਅਤੇ ਐੱਮ ਐੱਮ ਸੁੰਦਰੇਸ਼ ਤੇ ਮਦਰਾਸ ਹਾਈ ਕੋਰਟ ਦੇ ਜੱਜ ਟੀ ਰਾਜਾ ਨੇ ਵੀ ਸੰਬੋਧਨ ਕੀਤਾ। -ਪੀਟੀਆਈ