ਨਵੀਂ ਦਿੱਲੀ, 2 ਜਨਵਰੀ
ਭਾਰਤ ਵਿੱਚ ਹੁਣ ਤੱਕ ਓਮੀਕਰੋਨ’ ਨਾਲ ਸਬੰਧਤ 1,525 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਸਵੇਰੇ ਅੱਪਡੇਟ ਕੀਤੇ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ। ਓਮੀਕਰੋਨ ਦੇ ਇਹ ਮਾਮਲੇ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 560 ਜਾਂ ਤਾਂ ਠੀਕ ਹੋ ਗਏ ਹਨ ਜਾਂ ਦੇਸ਼ ਛੱਡ ਚੁੱਕੇ ਹਨ। ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 460 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਦਿੱਲੀ ਵਿੱਚ 351, ਗੁਜਰਾਤ ਵਿੱਚ 136, ਤਾਮਿਲਨਾਡੂ ਵਿੱਚ 117 ਅਤੇ ਕੇਰਲ ਵਿੱਚ 109 ਹਨ। ਇਸ ਦੌਰਾਨ ਭਾਰਤ ਵਿੱਚ ਕਰੋਨਾ ਦੇ 27,553 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਕੋਵਿਡ ਮਾਮਲੇ ਵੱਧ ਕੇ 3,48,89,132 ਹੋ ਗਏ ਹਨ। ਇਸ ਦੇ ਨਾਲ ਹੀ 284 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,81,770 ਹੋ ਗਈ ਹੈ।