ਨਵੀਂ ਦਿੱਲੀ, 7 ਅਗਸਤ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਪਹਿਲੀ ਵਾਰ 60 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਹ ਲਗਾਤਾਰ ਨੌਵਾਂ ਦਿਨ ਹੈ, ਜਦੋਂ ਦਿਨ ਵਿੱਚ 50 ਹਜ਼ਾਰ ਤੋਂ ਵੱਧ ਕੇਸ ਆਏ ਹਨ। ਦੇਸ਼ ਵਿੱਚ ਕੋਵਿਡ-19 ਦੇ ਕੁੱਲ ਕੇਸ 20 ਲੱਖ ਤੋਂ ਵਧ ਗਏ ਹਨ।
ਦੇਸ਼ ਵਿੱਚ ਇੱਕ ਲੱਖ ਕੋਵਿਡ-19 ਕੇਸ ਹੋਣ ਵਿੱਚ 110 ਦਿਨ ਲੱਗੇ ਸਨ, ਜਦੋਂਕਿ 59 ਦਿਨਾਂ ਵਿੱਚ ਇਹ ਅੰਕੜਾ ਦਸ ਲੱਖ ਨੂੰ ਪਾਰ ਕਰ ਗਿਆ। ਪਿਛਲੇ 21 ਦਿਨਾਂ ਵਿੱਚ ਇਹ ਅੰਕੜਾ ੱਗਣਾ ਹੋ ਗਿਆ ਹੈ। ਹਾਲਾਂਕਿ 13.78 ਲੱਖ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਸਮੇਂ ਛੇ ਲੱਖ ਤੋਂ ਵੱਧ ਕੇਸ ਸਰਗਰਮ ਹਨ। ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਕਾਰਨ 886 ਲੋਕ ਮੌਤ ਦੇ ਮੂੰਹ ਜਾ ਪਏ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 41,585 ਹੋ ਗਈ। ਹਾਲਾਂਕਿ ਮੌਤ ਦਰ ਸੁਧਰ ਕੇ 2.05 ਫ਼ੀਸਦੀ ’ਤੇ ਆ ਗਈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 62,538 ਕੇਸ ਦਰਜ ਹੋਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 20,27,74 ਹੋ ਗਈ ਹੈ। ਹੁਣ ਤੱਕ 13,78,105 ਮਰੀਜ਼ ਸਿਹਤਯਾਬ ਹੋਏ ਚੁੱਕੇ ਹਨ, ਜੋ 67.98 ਫ਼ੀਸਦੀ ਬਣਦੇ ਹਨ। ਇਸ ਸਮੇਂ 6,07,384 ਕੇਸ ਸਰਗਰਮ ਹਨ।
ਹਾਕੀ ਕਪਤਾਨ ਮਨਪ੍ਰੀਤ ਸਣੇ ਚਾਰ ਖਿਡਾਰੀ ਪਾਜ਼ੇਟਿਵ
ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਤਿੰਨ ਹੋਰ ਖਿਡਾਰੀਆਂ ਦੀ ਰਿਪੋਰਟ ਕਰੋਨਾਵਾਇਰਸ ਪਾਜ਼ੇਟਿਵ ਆਈ ਹੈ। ਭਾਰਤੀ ਖੇਡ ਅਥਾਰਟੀ (ਸਾਈ) ਨੇ ਅੱਜ ਦੱਸਿਆ ਕਿ ਮਨਪ੍ਰੀਤ ਤੋਂ ਇਲਾਵਾ, ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ ਅਤੇ ਡਰੈਗ ਫਲਿੱਕਰ ਵਰੁਨ ਕੁਮਾਰ ’ਚ ਵੀ ਇਸ ਲਾਗ ਦੀ ਪੁਸ਼ਟੀ ਹੋਈ ਹੈ। ਉਹ ਬੰਗਲੌਰ ਵਿੱਚ ਸਾਈ ਦੇ ਕੈਂਪਸ ਵਿੱਚ ਇਕਾਂਤਵਾਸ ਹਨ। -ਪੀਟੀਆਈ