ਨਵੀਂ ਦਿੱਲੀ, 30 ਨਵੰਬਰ
ਪਿਛਲੇ 24 ਘੰਟਿਆਂ ਵਿੱਚ 38,772 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵਧ ਕੇ 94.31 ਲੱਖ ਹੋ ਗਈ ਹੈ। ਉਂਜ ਖੁ਼ਸ਼ਖ਼ਬਰ ਹੈ ਕਿ ਇਸ ਮਹੀਨੇ ਵਿੱਚ ਸੱਤਵੀਂ ਵਾਰ ਹੈ ਜਦੋਂ ਰੋਜ਼ਾਨਾ ਰਿਪੋਰਟ ਹੋਣ ਵਾਲੇ ਕੇਸਾਂ ਦੀ ਗਿਣਤੀ 40 ਹਜ਼ਾਰ ਤੋਂ ਘੱਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋ ਜਾਰੀ ਅੰਕੜਿਆਂ ਮੁਤਾਬਕ 93.81 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤੱਕ 88,47,600 ਲੋਕ ਸਿਹਤਯਾਬ ਹੋ ਚੁੱਕੇ ਹਨ ਜਦੋਂਕਿ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 1.45 ਫੀਸਦ ਰਹਿ ਗਈ ਹੈ। ਅੱਜ ਲਗਾਤਾਰ 20ਵਾਂ ਦਿਨ ਹੈ ਜਦੋਂ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਪੰਜ ਲੱਖ ਤੋਂ ਹੇਠਾਂ ਰਹੀ ਹੈ। ਕੁੱਲ ਸਰਗਰਮ ਕੇਸ 4,46,952 ਹੈ, ਜੋ ਕੁੱਲ ਕੇਸਲੋਡ ਦਾ 4.74 ਫੀਸਦ ਹੈ। ਇਸ ਦੌਰਾਨ ਅੱਜ ਸਵੇਰੇ ਅੱਠ ਵਜੇ ਤਕ 443 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 1,37,139 ਦੇ ਅੰਕੜੇ ਨੂੰ ਜਾ ਪੁੱਜੀ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਨੇ 29 ਨਵੰਬਰ ਤੱਕ 14.03 ਕਰੋੜ ਨਮੂਨਿਆਂ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਹੈ। -ਪੀਟੀਆਈ