ਨਵੀਂ ਦਿੱਲੀ, 4 ਅਕਤੂਬਰ
ਭਾਰਤ ਵਿੱਚ ਕਰੋਨਾ ਲਾਗ ਦੇ ਕੇਸਾਂ ਦੇ ਅੰਕੜਾ 65 ਲੱਖ ਨੂੰ ਪਾਰ ਕਰ ਗਿਆ ਹੈ ਜਦਕਿ 55 ਲੱਖ ਤੋਂ ਵੱਧ ਮਰੀਜ਼ ਹੁਣ ਤੱਕ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ। ਦੇਸ਼ ’ਚ ਕਰੋਨਾ ਮਰੀਜ਼ਾਂ ਦੀ ਸਿਹਤਯਾਬੀ ਦਰ 84.13 ਫ਼ੀਸਦੀ ਹੋ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 75,829 ਨਵੇਂ ਕੇਸ ਆਉਣ ਨਾਲ ਲਾਗ ਪੀੜਤਾਂ ਦੀ ਕੁੱਲ ਗਿਣਤੀ 65,49,373 ਹੋ ਗਈ ਹੈ ਜਦਕਿ 940 ਸੱਜਰੀਆਂ ਮੌਤਾਂ ਕਾਰਨ ਮ੍ਰਿਤਕਾਂ ਦਾ ਅੰਕੜਾ 1,01,782 ਹੋ ਗਿਆ ਹੈ। ਹੁਣ ਤੱਕ 55,09,966 ਇਸ ਲਾਗ ਤੋਂ ਉੱਭਰ ਚੁੱਕੇ ਹਨ। ਦੇਸ਼ ’ਚ ਹੁਣ ਤੱਕ ਸਰਗਰਮ ਕੇਸਾਂ ਦੀ ਗਿਣਤੀ 9,37,625 ਹੈ, ਜੋ ਕੁੱਲ ਕੇਸਾਂ ਦਾ ਸਿਰਫ਼ 14.32 ਫ਼ੀਸਦੀ ਬਣਦੀ ਹੈ। ਕਰੋਨਾ ਮੌਤ ਦਰ ਵੀ ਘਟ ਕੇ 1.55 ਫ਼ੀਸਦੀ ਹੋ ਗਈ ਹੈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਵੈਕਸੀਨ ਦੀਆਂ 40 ਤੋਂ 50 ਕਰੋੜ ਖੁਰਾਕਾਂ ਪ੍ਰਾਪਤ ਹੋਣ ਮਗਰੋਂ ਜੁਲਾਈ 2021 ਤੱਕ 20 ਤੋਂ 25 ਕਰੋੜ ਲੋਕਾਂ ਦਾ ਟੀਕਾਕਰਨ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਟੀਕਾਕਰਨ ਲਈ ਪਹਿਲ ਵਾਲੇ ਲੋਕਾਂ ਦੀਆਂ ਸੂਚੀਆਂ ਤਿਆਰ ਕਰਕੇ ਅਕਤੂਬਰ ਮਹੀਨੇ ਦੇ ਅੰਤ ਤੱਕ ਭੇਜਣ ਲਈ ਆਖਿਆ ਹੈ।
-ਪੀਟੀਆਈ