ਨਵੀਂ ਦਿੱਲੀ, 29 ਅਪਰੈਲ
ਕੇਂਦਰੀ ਸਿਹਤ ਵਿਭਾਗ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕਰੋਨਾ ਦੇ 3,377 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ 4,30,72,176 ਤੱਕ ਪਹੁੰਚ ਗਈ ਹੈ, ਜਦਕਿ ਸਰਗਰਮ ਕੇਸਾਂ ਦੀ ਗਿਣਤੀ 17,801 ਹੈ। ਇਸੇ ਤਰ੍ਹਾਂ 60 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 5,23,753 ਹੋ ਗਈ ਹੈ। ਵਿਭਾਗ ਅਨੁਸਾਰ ਸਰਗਰਮ ਕੇਸਾਂ ਵਿੱਚ ਕੁੱਲ 0.04 ਫ਼ੀਸਦੀ ਮਾਮਲੇ ਲਾਗ ਦੇ ਹਨ, ਜਦੋਂ ਕਿ ਦੇਸ਼ ਵਿੱਚ ਕੋਵਿਡ-19 ਦੀ ਰਿਕਵਰੀ ਦਰ 98.78 ਫ਼ੀਸਦੀ ਦਰਜ ਕੀਤੀ ਗਈ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 821 ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ। -ਪੀਟੀਆਈ
ਕੋਵੋਵੈਕਸ ਟੀਕੇ ਦੀ 12-17 ਸਾਲ ਉਮਰ ਵਰਗ ਲਈ ਵਰਤੋਂ ਦੀ ਸਿਫਾਰਸ਼
ਨਵੀਂ ਦਿੱਲੀ: ਕੌਮੀ ਟੀਕਾਕਰਨ ਤਕਨੀਕੀ ਸਲਾਹ ਸਮੂਹ (ਐੱਨਟੀਏਜੀਆਈ) ਦੀ ਸਥਾਈ ਤਕਨੀਕੀ ਉੱਪ ਕਮੇਟੀ ਨੇ 12 ਤੋਂ 17 ਸਾਲ ਦੀ ਉਮਰ ਤੇ ਬੱਚਿਆਂ ਲਈ ਕੋਵਿਡ-19 ਰੋਕੂ ਕੌਮੀ ਟੀਕਾਕਰਨ ਮੁਹਿੰਮ ’ਚ ਸੀਰਮ ਇੰਸਟੀਚਿਊਟ ਦੇ ਕੋਵੋਵੈਕਸ ਟੀਕੇ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਡਰੱਗ ਕੰਟਰੋਲ ਆਫ ਇੰਡੀਆ ਨੇ ਪਿਛਲੇ ਸਾਲ 28 ਦਸੰਬਰ ਨੂੰ ਬਾਲਗਾਂ ਨੂੰ ਹੰਗਾਮੀ ਹਾਲਾਤ ’ਚ ਕੋਵੋਵੈਕਸ ਟੀਕੇ ਦੀ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਸੀ ਤੇ 12-17 ਸਾਲ ਉਮਰ ਵਰਗ ’ਚ ਕੁਝ ਸ਼ਰਤਾਂ ਤਹਿਤ ਨੌਂ ਮਾਰਚ ਨੂੰ ਮਨਜ਼ੂਰੀ ਦਿੱਤੀ ਸੀ। ਸੂਤਰਾਂ ਨੇ ਦੱਸਿਆ, ‘ਐਨਟੀਏਜੀਆਈ ਦੇ ਕੋਵਿਡ-19 ਕਾਰਜ ਸਮੂਹ ਨੇ ਪਹਿਲਾਂ ਕੋਵੋਵੈਕਸ ਨਾਲ ਸਬੰਧਤ ਅੰਕੜਿਆਂ ਦੀ ਸਮੀਖਿਆ ਕੀਤੀ ਸੀ ਅਤੇ ਇਸ ਨੂੰ ਮਨਜ਼ੂਰੀ ਦਿੱਤੀ ਸੀ। -ਪੀਟੀਆਈ