ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਨਿਜ਼ਾਮੂਦੀਨ ਮਰਕਜ਼ ਦੇ ਕੁਝ ਹਿੱਸਿਆਂ ਨੂੰ 14 ਅਕਤੂਬਰ ਤੱਕ ਖੁੱਲ੍ਹਾ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਜਸਮੀਤ ਸਿੰਘ ਨੇ ਦਿੱਲੀ ਵਕਫ਼ ਬੋਰਡ ਦੀ ਇੱਕ ਪਟੀਸ਼ਨ ਦੇ ਨਾਲ ਰਮਜ਼ਾਨ ਅਤੇ ਈਦ ਦੇ ਤਿਉਹਾਰ ਦੇ ਮੱਦੇਨਜ਼ਰ ਮਰਕਜ਼ ਕੰਪਲੈਕਸ ਦੇ ਕੁਝ ਹਿੱਸਿਆਂ ਨੂੰ ਦੁਬਾਰਾ ਖੋਲ੍ਹਣ ਬਾਰੇ ਪਿਛਲੇ ਮਹੀਨੇ ਪਾਸ ਕੀਤੇ ਅੰਤਰਿਮ ਹੁਕਮ ਨੂੰ ਅੱਜ ਵਧਾ ਦਿੱਤਾ। ਬੋਰਡ ਨੇ 2021 ਵਿਚ ਇਸ ਆਧਾਰ ’ਤੇ ਮਰਕਜ਼ ਦੀ ਇਮਾਰਤ, ਜਿਸ ਵਿਚ ਮਸਜਿਦ ਬੰਗੇ ਵਾਲੀ (ਮਸਜਿਦ), ਮਦਰਸਾ ਕਾਸ਼ਿਫ-ਉਲ-ਉਲੂਮ ਸ਼ਾਮਲ ਹੈ, ਨੂੰ ਮੁੜ ਖੋਲ੍ਹਣ ਲਈ ਨਿਰਦੇਸ਼ਾਂ ਦੀ ਮੰਗ ਕੀਤੀ ਸੀ ਕਿ ਅਨਲੌਕ-1 ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵੀ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਅਟੈਚਡ ਹੋਸਟਲ ਨੂੰ ਤਾਲਾ ਲੱਗਿਆ ਹੋਇਆ ਹੈ। ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ’ਚ ਨਿਜ਼ਾਮੂਦੀਨ ਮਰਕਜ਼ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਣ ਦਾ ਵਿਰੋਧ ਕੀਤਾ ਹੈ। -ਪੱਤਰ ਪ੍ਰੇਰਕ