ਨਵੀਂ ਦਿੱਲੀ, 10 ਨਵੰਬਰ
ਐਨਆਈਏ ਨੇ ਕੈਨੇਡੀਅਨ ਅਥਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਅਧਾਰਤ ਸਿੱਖ ਫਾਰ ਜਸਟਿਸ(ਐੱਸਐਫਜੇ) ਨੂੰ ਅਤਿਵਾਦੀ ਸੰਗਠਨ ਐਲਾਨੇ। ਸੂਤਰਾਂ ਅਨੁਸਾਰ ਇਸ ਸਬੰਧੀ ਰਸਮੀ ਅਪੀਲ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ। ਹਾਲ ਹੀ ਵਿੱਚ ਐਨਆਈਏ ਦੀ ਇਕ ਟੀਮ ਕੈਨੇਡਾ ਗਈ ਸੀ। ਟੀਮ ਨੇ ਉਥੋਂ ਦੇ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਸੀ ਕਾਨੂੰਨੀ ਸਹਿਯੋਗ ਸਮਝੌਤੇ ਤਹਿਤ ਭਾਰਤ ਵੱਲੋਂ ਕੀਤੀਆਂ ਅਪੀਲਾਂ ’ਤੇ ਫੌਰੀ ਕਾਰਵਾਈ ਲਈ ਕਿਹਾ ਸੀ। ਕਾਬਿਲੇਗੌਰ ਹੈ ਕਿ ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਐਨਆਈਏ ਦੀ ਟੀਮ 5 ਨਵੰਬਰ ਨੂੰ ਐਸਐਫਜੇ ਵਰਗੀਆਂ ਸੰਸਥਾਵਾਂ ਵੱਲੋਂ ਖਾਲਿਸਤਾਨ ਬਣਾਉਣ ਲਈ ਇਕੱਠੇ ਕੀਤੇ ਜਾ ਰਹੇ ਫੰਡ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਕੈਨੇਡਾ ਗਈ ਸੀ। -ਏਜੰਸੀ