ਜੰਮੂ, 4 ਜੁਲਾਈ
ਜੰਮੂ ਕਸ਼ਮੀਰ ਵਿੱਚ ਅਮਰਨਾਥ ਗੁਫਾ ਦੇ ਦਰਸ਼ਨਾਂ ਵਾਸਤੇ ਅੱਜ ਇੱਥੋਂ 7,200 ਸ਼ਰਧਾਲੂਆਂ ਦਾ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੇਸ ਕੈਂਪਾਂ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਭਗਵਤੀ ਨਗਰ ਯਾਤਰੀ ਨਿਵਾਸ ਤੋਂ 7,282 ਸ਼ਰਧਾਲੂ ਸੀਆਰਪੀਐੱਫ ਦੀ ਸਖ਼ਤ ਸੁਰੱਖਿਆ ਹੇਠ ਰਵਾਨਾ ਹੋਏ ਹਨ। ਇਨ੍ਹਾਂ ’ਚੋਂ 5,866 ਪੁਰਸ਼, 1,206 ਮਹਿਲਾਵਾਂ, 22 ਬੱਚੇ, 179 ਸਾਧੂ ਅਤੇ ਨੌਂ ਸਾਧਵੀਆਂ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਬਾਲਟਾਲ ਜਾਣ ਵਾਲੇ 2,901 ਸ਼ਰਧਾਲੂ 150 ਵਾਹਨਾਂ ’ਤੇ ਸਵੇਰੇ 3:40 ਦੇ ਕਰੀਬ ਰਵਾਨਾ ਹੋਏ। ਇਸ ਤੋਂ ਬਾਅਦ 4,381 ਸ਼ਰਧਾਲੂਆਂ ਨੂੰ ਲੈ ਕੇ 182 ਵਾਹਨਾਂ ਦਾ ਇੱਕ ਹੋਰ ਕਾਫਲਾ ਪਹਿਲਗਾਮ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਸੋਮਵਾਰ ਤੱਕ 52,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਵਿੱਚ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। -ਪੀਟੀਆਈ