ਨਵੀਂ ਦਿੱਲੀ: ਤਾਲਿਬਾਨ ਦੇ ਸਹਿ-ਬਾਨੀ ਤੇ ਡਿਪਟੀ ਆਗੂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਅਫ਼ਗ਼ਾਨਿਸਤਾਨ ਦਾ ਅਗਲਾ ਸਦਰ ਨਿਯੁਕਤ ਕੀਤਾ ਜਾ ਸਕਦਾ ਹੈ। ਮੁੱਲ੍ਹਾ ਬਰਾਦਰ ਕੰਧਾਰ ਪੁੱਜ ਗਿਆ ਹੈ, ਜੋ ਤਾਲਿਬਾਨ ਦੀ ਜਨਮ ਭੌਂਇ ਹੋਣ ਦੇ ਨਾਲ ਦਹਿਸ਼ਤੀ ਗੁਟ ਦੀ ਪਿਛਲੀ ਹਕੂਮਤ ਮੌਕੇ ਮੁਲਕ ਦੀ ਰਾਜਧਾਨੀ ਸੀ। ਬਰਾਦਰ ਕਤਰ ਤੋਂ ਇਥੇ ਪੁੱਜਾ ਹੈ, ਜਿੱਥੇ ਉਸ ਨੇ ਅਮਰੀਕਾ ਤੇ ਮਗਰੋਂ ਅਫ਼ਗਾਨ ਸ਼ਾਂਤੀ ਸਮਝੌਤੇ ਲਈ ਮਹੀਨਿਆਂਬੱਧੀ ਸਮਾਂ ਗੁਜ਼ਾਰਿਆ ਸੀ। ਮੁੱਲ੍ਹਾ ਬਰਾਦਰ ਨੂੰ ਸਾਲ 2010 ਵਿੱਚ ਪਾਕਿਸਤਾਨ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 2018 ਵਿੱਚ ਟਰੰਪ ਪ੍ਰਸ਼ਾਸਨ ਦੀ ਅਪੀਲ ’ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਅਮਰੀਕੀ ਵਾਰਤਾਕਾਰ ਜ਼ਾਲਮੇ ਖਲੀਲਜ਼ਾਦ ਨੇ ਕਤਰ ਵਿੱਚ ਗੱਲਬਾਤ ਦੌਰਾਨ ਬਰਾਦਰ ਦੀ ਭਰੋਸੇਯੋਗ ਹਮਰੁਤਬਾ ਵਜੋਂ ਪਛਾਣ ਕੀਤੀ ਸੀ। ਫ਼ੌਜੀ ਸਰਗਰਮੀਆਂ ’ਚ ਸ਼ਮੂਲੀਅਤ ਦੇ ਬਾਵਜੂਦ ਮੁੱਲ੍ਹਾ ਬਰਾਦਰ ਦਾ ਸ਼ਾਂਤੀ ਵਾਰਤਾ ਵਿੱਚ ਅਹਿਮ ਯੋਗਦਾਨ ਰਿਹਾ ਤੇ ਉਸ ਨੂੰ ਸ਼ਾਂਤੀ ਸਮਝੌਤੇ ਦਾ ਅਹਿਮ ਸੂਤਰਧਾਰ ਮੰਨਿਆ ਜਾਂਦਾ ਹੈ। ਤਾਲਿਬਾਨ ਪੱਖੀ ਮੀਡੀਆ ਵੱਲੋਂ ਜਾਰੀ ਫੁਟੇਜ ਵਿੱਚ ਮੁੱਲ੍ਹਾ ਬਰਾਦਰ ਕੰਧਾਰ ਹਵਾਈ ਅੱਡੇ ’ਤੇ ਨਜ਼ਰ ਆ ਰਿਹਾ ਹੈ। ਕੰਧਾਰ ਪੁੱਜਣ ’ਤੇ ਤਾਲਿਬਾਨੀ ਆਗੂ ਨੇ ਧਰਤੀ ਨੂੰ ਮੱਥਾ ਵੀ ਟੇਕਿਆ।