ਨਵੀਂ ਦਿੱਲੀ: ਪ੍ਰੈੱਸ ਇਨਫਰਮੇਸ਼ਨ ਬਿਊਰੋ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਇਸ ਸਾਲ ਦੀ ਨੀਟ ਪੀਜੀ ਪ੍ਰੀਖਿਆ ਮੁਲਤਵੀ ਨਹੀਂ ਕੀਤੀ ਗਈ ਹੈ ਅਤੇ ਇਹ 21 ਮਈ ਨੂੰ ਹੀ ਹੋਵੇਗੀ। ਉਨ੍ਹਾਂ ਕੌਮੀ ਪ੍ਰੀਖਿਆਵਾਂ ਬੋਰਡ ਦੇ ਨਾਮ ’ਤੇ ਜਾਰੀ ਨੋਟਿਸ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਿਸ ’ਚ ਕਿਹਾ ਗਿਆ ਸੀ ਕਿ ਪ੍ਰੀਖਿਆ 9 ਜੁਲਾਈ ਨੂੰ ਕਰਵਾਈ ਜਾਵੇਗੀ। ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ ਨੇ ਉਨ੍ਹਾਂ ਦੇ ਨਾਮ ’ਤੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਤੇ ਜਾਅਲੀ ਸੂਚਨਾਵਾਂ ਖ਼ਿਲਾਫ਼ ਵਿਦਿਆਰਥੀਆਂ ਨੂੰ ਖ਼ਬਰਦਾਰ ਕੀਤਾ ਹੈ। ਮੀਡੀਆ ਦੇ ਇਕ ਵਰਗ ’ਚ ਇਹ ਖ਼ਬਰ ਨਸ਼ਰ ਹੋਈ ਸੀ ਕਿ ਇਸ ਸਾਲ ਦੀ ਨੀਟ ਪੀਜੀ ਪ੍ਰੀਖਿਆ 9 ਜੁਲਾਈ ਤੱਕ ਮੁਲਤਵੀ ਹੋ ਗਈ ਹੈ। ਬੋਰਡ ਨੇ ਕਿਹਾ ਕਿ ਵਿਦਿਆਰਥੀ ਸਹੀ ਜਾਣਕਾਰੀ ਲਈ ਉਨ੍ਹਾਂ ਦੀ ਵੈੱਬਸਾਈਟ natboard.edu.in ਨੂੰ ਦੇਖਦੇ ਰਹਿਣ ਜਿਥੇ ਵੱਖ ਵੱਖ ਸਮੇਂ ’ਤੇ ਨੋਟਿਸ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਹੋਰ ਜਾਣਕਾਰੀ ਲਈ 011-45593000 ਨੰਬਰ ਵੀ ਜਾਰੀ ਕੀਤਾ ਹੈ। -ਪੀਟੀਆਈ