ਨਵੀਂ ਦਿੱਲੀ, 10 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਜਥੇਬੰਦੀ (ਐੱਸਸੀਓ) ਦੀ ਵਰਚੁਅਲ ਵਾਰਤਾ ਦੌਰਾਨ ਚੀਨੀ ਸਦਰ ਸ਼ੀ ਜਿਨਪਿੰਗ ਤੇ ਪਾਕਿਸਤਾਨ ਦੇ ਆਪਣੇ ਹਮਰੁਤਬਾ ਇਮਰਾਨ ਖ਼ਾਨ ਦੀ ਹਾਜ਼ਰੀ ਵਿੱਚ ਚੀਨ ਤੇ ਪਾਕਿਸਤਾਨ ਨੂੰ ਦਿੱਤੇ ਸਖ਼ਤ ਸੁਨੇਹੇ ਵਿੱਚ ਸਾਫ਼ ਕਰ ਦਿੱਤਾ ਕਿ ਇੱਕ-ਦੂਜੇ ਮੁਲਕ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੀ ਲੋੜ ਹੈ। ਆਪਣੇ ਭਾਸ਼ਣ ਦੌਰਾਨ ਸ੍ਰੀ ਮੋਦੀ ਨੇ ਇਸ ਮੰਚ ’ਤੇ ਮੁਲਕਾਂ ਦੇ ਦੁਵੱਲੇ ਸਬੰਧਾਂ ਦੇ ਮੁੱਦੇ ਲਿਆਉਣ ਦੇ ਵਾਰ-ਵਾਰ ਕੀਤੇ ਜਾ ਰਹੇ ਗੈਰ-ਜ਼ਰੂਰੀ ਯਤਨਾਂ ’ਤੇ ਵੀ ਨਿਸ਼ਾਨਾ ਸਾਧਿਆ। ਉਹ ਅਸਿੱਧੇ ਢੰਗ ਨਾਲ ਪਾਕਿਸਤਾਨ ਵੱਲੋਂ ਜਥੇਬੰਦੀ ਦੀਆਂ ਪੂਰਬਲੀਆਂ ਮੀਟਿੰਗਾਂ ਵਿੱਚ ਕਸ਼ਮੀਰ ਮੁੱਦਾ ਚੁੱਕਣ ਵੱਲ ਇਸ਼ਾਰਾ ਕਰ ਰਹੇ ਸਨ। ਸ੍ਰੀ ਮੋਦੀ ਦਾ ਇਹ ਬਿਆਨ ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ ’ਚ ਚੱਲ ਰਹੇ ਸਰਹੱਦੀ ਵਿਵਾਦ ਅਤੇ ਚੀਨ ਦੇ ‘ਇਕ ਪੱਟੀ ਇਕ ਰੋਡ’ ਪ੍ਰਾਜੈਕਟ ਤੇ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਸਰਹੱਦ ਪਾਰ ਅਤਿਵਾਦ ਨੂੰ ਉਤਸ਼ਾਹਿਤ ਕਰਨ ਦੇ ਕੀਤੇ ਜਾ ਰਹੇ ਯਤਨਾਂ ਦਰਮਿਆਨ ਆਇਆ ਹੈ। ਵਰਚੁਅਲ ਵਾਰਤਾ ਦੀ ਪ੍ਰਧਾਨਗੀ ਰੂਸੀ ਸਦਰ ਵਲਾਦੀਮੀਰ ਪੂਤਿਨ ਨੇ ਕੀਤੀ। -ਪੀਟੀਆਈ