ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜਨਵਰੀ
ਬੀਕੇਯੂ ਏਕਤਾ ਉਗਰਾਹਾਂ ਨੇ ਸਿੰਘੂ ਬਾਰਡਰ ’ਤੇ ਹਿੰਦੂ ਫਿਰਕੂ ਅਨਸਰਾਂ ਨੂੰ ਇਕੱਠੇ ਕਰ ਕੇ ਮੋਰਚੇ ਖ਼ਿਲਾਫ਼ ਭੰਡੀ ਪ੍ਰਚਾਰ ਕਰਵਾਉਣ ਤੇ ਨਾਲ ਹੀ ਗਾਜ਼ੀਪੁਰ ਬਾਰਡਰ ’ਤੇ ਪੁਲੀਸ ਦਹਿਸ਼ਤ ਫੈਲਾਉਣ ਦੇ ਨਾਪਾਕ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਇਸ ਨੂੰ ਮੋਦੀ ਸਰਕਾਰ ਦੀ ਬੁਖਲਾਹਟ ਕਰਾਰ ਦਿੱਤਾ ਹੈ। ਦਿੱਲੀ ਦੇ ਟਿਕਰੀ ਬਾਰਡਰ ’ਤੇ ਡਟੇ ਕਾਫ਼ਲੇ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਲਾਲ ਕਿਲ੍ਹੇ ’ਤੇ ਝੰਡਾ ਝੁਲਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤਾਂ ਕਿ ਕਿਸਾਨੀ ਸੰਘਰਸ਼ ਤੇ ਇਕ ਖਾਸ ਫਿਰਕੇ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਝੂਠੇ ਕੇਸ ਦਰਜ ਕਰ ਕੇ, ਸੈਂਕੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤੇ ਦੇਸ਼ ਅੰਦਰ ਸੰਘਰਸ਼ ਖ਼ਿਲਾਫ਼ ਫ਼ਿਰਕੂ ਫਾਸ਼ੀ ਲਾਮਬੰਦੀਆਂ ਨੂੰ ਤੇਜ਼ ਕਰਕੇ ਜਬਰ ਕਰਨ ਦੀ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਅਜਿਹੀ ਹਾਲਤ ਵਿੱਚ ਸਭਨਾਂ ਸੰਘਰਸ਼ੀ ਲੋਕਾਂ ਅਤੇ ਜਥੇਬੰਦੀਆਂ ਨੂੰ ਆਪਸੀ ਏਕਾ ਤੇ ਸਾਂਝ ਵਧੇਰੇ ਮਜ਼ਬੂਤ ਕਰਦਿਆਂ ਸਭਨਾਂ ਬਾਰਡਰਾਂ ’ਤੇ ਗਿਣਤੀ ਨੂੰ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ। ਰੈਲੀ ਨੂੰ ਜਥੇਬੰਦੀ ਦੇ ਸੂਬਾਈ ਆਗੂਆਂ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ ਸਮੇਤ ਦਰਜਨ ਭਰ ਆਗੂਆਂ ਨੇ ਸੰਬੋਧਨ ਕਰਦਿਆਂ ਸੰਘਰਸ਼ ਅੰਦਰਲੇ ਸਰਕਾਰੀ ਏਜੰਟਾਂ ਨੂੰ ਪੂਰੀ ਤਰ੍ਹਾਂ ਖਦੇੜਨ ਦਾ ਸੱਦਾ ਦਿੱਤਾ।