ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ 24 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹੱਕਾਂ ਦੀ ਲੜਾਈ ਦੋ ਤਰ੍ਹਾਂ ਦੀ ਹੁੰਦੀ ਹੈ ਇਕ ਵਿਚਾਰਾਂ ਦੀ ਅਤੇ ਦੂਜੀ ਹਥਿਆਰਾਂ ਦੀ। ਜੇਕਰ ਹਾਕਮ ਧਿਰ ਤੇ ਕਿਰਤੀ ਲੋਕਾਂ ਦੀ ਬਰਾਬਰ ਦੀ ਤਾਕਤ ਹੈ ਤਾਂ ਹਥਿਆਰਾਂ ਨਾਲ ਲੜਾਈ ਲੜੀ ਜਾ ਸਕਦੀ ਹੈ ਪਰ ਜੇਕਰ ਹਾਕਮ ਧਿਰ ਤੇ ਕਿਰਤੀ ਲੋਕਾਂ ਦੀ ਬੇਮੇਚੀ ਟੱਕਰ ਹੋਵੇ ਤਾਂ ਸਹੀ ਵਿਚਾਰ ਤੇ ਸ਼ਾਂਤਮਈ ਤਰੀਕੇ ਨਾਲ ਲੜਾਈ ਲੜਨੀ ਚਾਹੀਦੀ ਹੈ। ਇਸ ਲਈ ਉਹ ਘੱਟ ਤਾਕਤ ਕਰ ਕੇ ਇਸ ਤਾਕਤ ਨੂੰ ਵਧਾਉਣ ਦੀ ਖਾਤਰ ਵਿਚਾਰਾਂ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਬਣਾਉਣ ਵਾਲੀਆਂ ਸਾਮਰਾਜੀ ਤਾਕਤਾਂ ਖਿਲਾਫ਼ ਸਬਰ ਰੱਖ ਕੇ ਲੰਮੇ ਸੰਘਰਸ਼ ਕਰਨ ਦੀ ਲੋੜ ਹੈ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੇਧਕ ਹੋ ਕੇ ਧੜੱਲੇ ਨਾਲ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਅੰਦੋਲਨਕਾਰੀ ਕਿਸਾਨ ਪਰਖ ਦੀਆਂ ਘੜੀਆਂ ਵਿਚੋਂ ਗੁਜ਼ਰ ਰਹੇ ਹਨ ਪਰ ਜੇ ਦੇਸ਼ ਦੇ ਹਾਕਮਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇਹ ਭੁਲੇਖਾ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਪਤਾ ਨਹੀਂ ਤਾਂ ਇਹੋ ਜਿਹੇ ਲੋਕਾਂ ਨੂੰ ਸਿਆਸਤ ਕਰਨੀ ਛੱਡ ਦੇਣੀ ਚਾਹੀਦੀ ਹੈ। ਡਾ. ਹਰਬਾਗ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੇ ਦਸ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਕਿਸਾਨਾਂ ਦਾ ਸੰਘਰਸ਼ ਅੱਜ ਤੱਕ ਦੇ ਇਤਿਹਾਸ ਵਿਚ ਸਭ ਤੋਂ ਲੰਮਾ ਅੰਦੋਲਨ ਹੈ। ਉਨ੍ਹਾਂ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਵੀ ਰੱਖਣਾ ਚਾਹੀਦਾ ਹੈ।