ਨਵੀਂ ਦਿੱਲੀ, 4 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਫ਼ੌਜ ਅਤੇ ਸਿਵਲ ਏਜੰਸੀਆਂ ਲਈ ਦੋਹਰੀ ਵਰਤੋਂ ਵਾਲੀ ਤਕਨੀਕ ਵਿਕਸਿਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਅਤੇ ਅਤਿ-ਆਧੁਨਿਕ ਰੱਖਿਆ ਪਲੈਟਫਾਰਮਾਂ ਦੇ ਨਿਰਮਾਣ ਲਈ ਖੋਜ ਅਤੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਸੁਰੱਖਿਆ ਫਿਕਰਾਂ, ਸਰਹੱਦੀ ਵਿਵਾਦਾਂ ਅਤੇ ਸਮੁੰਦਰੀ ਖੇਤਰ ਦੇ ਘਟਨਾਕ੍ਰਮਾਂ ਦੇ ਮੱਦੇਨਜ਼ਰ ਪੂਰੀ ਦੁਨੀਆ ਵਿੱਚ ਫ਼ੌਜੀ ਉਪਕਰਨਾਂ ਦੀ ਮੰਗ ਵਧ ਰਹੀ ਹੈ ਅਤੇ ਭਾਰਤ ਨੂੰ ਆਪਣੇ ਘਰੇਲੂ ਰੱਖਿਆ ਉਦਯੋਗ ਨੂੰ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।
ਰੱਖਿਆ ਖੋਜ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਰਣਨੀਤਕ ਮਾਮਲਿਆਂ, ਫ਼ੌਜੀ ਸ਼ਕਤੀ, ਵਪਾਰ, ਅਰਥਵਿਵਸਥਾ ਅਤੇ ਸੰਚਾਰ ਦੇ ਖੇਤਰਾਂ ਵਿੱਚ ਆਈਆਂ ਤਬਦੀਲੀਆਂ ਤੋਂ ਦੁਨੀਆ ਦਾ ਕੋਈ ਹਿੱਸਾ ਅਣਛੂਹਿਆ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਤਬਦੀਲੀਆਂ ਬਾਰੇ ਤਫ਼ਸੀਲ ਵਿੱਚ ਕੁਝ ਨਹੀਂ ਕਿਹਾ।
ਸਿੰਘ ਨੇ ਕਿਹਾ, ‘‘ਪੂਰੀ ਦੁਨੀਆ ਦੇ ਮੁਲਕ ਫ਼ੌਜੀ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਆਲਮੀ ਸੁਰੱਖਿਆ ਚਿੰਤਾਵਾਂ, ਸਰਹੱਦੀ ਵਿਵਾਦਾਂ ਅਤੇ ਸਮੁੰਦਰੀ ਖੇਤਰ ਦੇ ਘਟਨਾਕ੍ਰਮਾਂ ਦੇ ਮੱਦੇਨਜ਼ਰ ਦੁਨੀਆਂ ਭਰ ਵਿੱਚ ਫ਼ੌਜੀ ਉਪਕਰਨਾਂ ਦੀ ਮੰਗ ਵਧ ਰਹੀ ਹੈ।’’ ਉਨ੍ਹਾਂ ਕਿਹਾ, ‘ਅੱਜ, ਜਦੋਂ ਅਸੀਂ ਰੱਖਿਆ ਉਪਕਰਨਾਂ ਦੇ ਵਿਕਾਸ ਲਈ ਨਿੱਜੀ ਖੇਤਰ ਦੀ ਭਾਈਵਾਲੀ ਬਾਰੇ ਗੱਲ ਕਰ ਰਹੇ ਹਾਂ ਤਾਂ ਇਹ ਸਾਡੀ ਸਭ ਤੋਂ ਵੱਡੀ ਚਿੰਤਾ ਹੈ ਕਿ ਅਸੀਂ ਉਨ੍ਹਾਂ ਨੂੰ ਨਵੀਂਆਂ ਭੂਮਿਕਾਵਾਂ ਲਈ ਤਿਆਰ ਕਰੀਏ।’’ ਰੱਖਿਆ ਮੰਤਰੀ ਨੇ ਫ਼ੌਜੀ ਉਪਕਰਨਾਂ ਦੇ ਨਿਰਮਾਣ ਲਈ ਖੋਜ ਅਤੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਨੂੰ ਉਭਾਰਿਆ। -ਪੀਟੀਆਈ