ਸੰਯੁਕਤ ਰਾਸ਼ਟਰ, 4 ਦਸੰਬਰ
ਭਾਰਤ ਨੇ ਕਿਹਾ ਹੈ ਕਿ ਯਮਨ ਦੇ ਕੁਝ ਹਿੱਸਿਆਂ ’ਚ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਜਿਹੇ ਅਤਿਵਾਦੀ ਅਨਸਰਾਂ ਦੀ ਮੌਜੂਦਗੀ ਅਤੇ ਲੋਕਾਂ ’ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਨਾਲ ਸਿੱਝਣ ਦੀ ਲੋੜ ਹੈ। ਭਾਰਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅਤਿਵਾਦ ਨਾਲ ਆਲਮੀ ਪੱਧਰ ’ਤੇ ਲੜਨ ਅਤੇ ਅਤਿਵਾਦੀ ਜਥੇਬੰਦੀਆਂ ਦੀ ਹਮਾਇਤ ਕਰਨ ਤੇ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਲਈ ਲਾਜ਼ਮੀ ਤੌਰ ’ਤੇ ਇਕਜੁੱਟ ਹੋਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਮਿਸ਼ਨ ’ਚ ਕੂਟਨੀਤਕ ਅਤੇ ਭਾਰਤ ਦੇ ਉਪ ਸਥਾਈ ਨੁਮਾਇੰਦੇ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਯਮਨ ’ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਯਮਨ ਬਾਰੇ ਹੋਈ ਚਰਚਾ ’ਚ ਜ਼ੋਰ ਦਿੱਤਾ ਕਿ ਇਸ ਦਾ ਹੱਲ ਸਿਆਸੀ ਹੈ ਜਿਸ ਨੂੰ ਵਿਆਪਕ ਅਤੇ ਸਮੁੱਚੀ ਸਿਆਸੀ ਪ੍ਰਕਿਰਿਆ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸਾਰੀਆਂ ਧਿਰਾਂ ਹਿੰਸਾ ਛੱਡ ਕੇ ਫੌਰੀ ਸਾਂਝੇ ਐਲਾਨਨਾਮੇ ਨੂੰ ਅੰਤਿਮ ਰੂਪ ਦੇਣ ’ਚ ਸਹਿਯੋਗ ਕਰਨਗੀਆਂ।
-ਪੀਟੀਆਈ