ਨਵੀਂ ਦਿੱਲੀ, 30 ਜੂਨ
‘ਮੌਜੂਦਾ ਸਮੇਂ ਦੀ ਹੋਣੀ ਇਹ ਹੈ ਕਿ ਜਲਵਾਯੂ ਪਰਿਵਰਤਨ, ਅਤਿਵਾਦ ਅਤੇ ਮਹਾਮਾਰੀਆਂ ਆਲਮੀ ਸਮੱਸਿਆਵਾਂ ਹਨ ਪਰ ਇਨ੍ਹਾਂ ਦੇ ਟਾਕਰੇ ਦਾ ਰੁਝਾਨ ਕੌਮੀ ਪੱਧਰ ਦਾ ਬਣਦਾ ਜਾ ਰਿਹਾ ਹੈ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਹ ਗੱਲ ਆਖਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨਾਲ ਸਿੱਝਣ ਲਈ ਆਲਮੀ ਪੱਧਰ ’ਤੇ ਸਮਰੱਥਾ ਦੀ ਢੁੱਕਵੀਂ ਵਰਤੋਂ ਕਰਨ ਦੀ ਲੋੜ ਹੈ। ਵਿਦੇਸ਼ ਮੰਤਰੀ ਇੰਡੀਆ ਗਲੋਬਲ ਫੋਰਮ ’ਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਵਰਚੁਅਲੀ ਗੱਲਬਾਤ ਦੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਜੈਸ਼ੰਕਰ ਨੇ ਕਿਹਾ,‘‘ਹਕੀਕਤ ਇਹ ਹੈ ਕਿ ਕੋਈ ਵੀ ਆਪਣੇ ਆਪ ਵੈਕਸੀਨਾਂ ਨਹੀਂ ਬਣਾ ਸਕਦਾ ਹੈ। ਜੇਕਰ ਦੁਨੀਆ ਇਕੱਠੀ ਹੋ ਜਾਂਦੀ ਹੈ ਤਾਂ ਅਸੀਂ ਵੈਕਸੀਨਾਂ ਦਾ ਉਤਪਾਦਨ ਵਧਾ ਸਕਦੇ ਹਾਂ।’’ ਭਾਰਤ ਆਲਮੀ ਚੁਣੌਤੀਆਂ ਦੇ ਟਾਕਰੇ ਲਈ ਲਗਾਤਾਰ ਸਾਂਝੀ ਆਲਮੀ ਪਹੁੰਚ ਅਪਣਾਉਣ ਦਾ ਸੱਦਾ ਦਿੰਦਾ ਆ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਰੋਨਾ ਮਹਾਮਾਰੀ ਦਾ ਹਵਾਲਾ ਦਿੰਦਿਆਂ ਕਿਹਾ,‘‘ਕਿਹੜੇ ਮੁਲਕ ਨੇ ਕੌਮੀ ਪੱਧਰ ਦੇ ਘੇਰੇ ’ਚ ਰਹਿ ਕੇ ਗੱਲਬਾਤ ਨਹੀਂ ਕੀਤੀ? ਜਦੋਂ ਤੱਕ ਅਸੀਂ ਇਸ ਤੋਂ ਅਗਾਂਹ ਨਹੀਂ ਵਧਾਂਗੇ ਅਤੇ ਕੌਮਾਂਤਰੀ ਤਾਲਮੇਲ ਤੇ ਗੱਠਜੋੜ ਦੀ ਦਿਸ਼ਾ ਵੱਲ ਨਹੀਂ ਸੋਚਾਂਗੇ, ਉਦੋਂ ਤੱਕ ਅਸੀਂ ਅਜਿਹੇ ਹਾਲਾਤ ’ਚੋਂ ਨਹੀਂ ਨਿਕਲ ਸਕਾਂਗੇ।’’ ਆਪਣੇ ਬਿਆਨ ’ਚ ਉਨ੍ਹਾਂ ਵੱਡੇ ਪੱਧਰ ’ਤੇ ਰੁਜ਼ਗਾਰ ਖੁੱਸਣ, ਆਰਥਿਕ ਦਬਾਅ ਅਤੇ ਲੋਕਾਂ ਦੀ ਰਹਿਣੀ-ਸਹਿਣੀ ’ਚ ਆਏ ਬਦਲਾਅ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਰੁਕ ਜਿਹੀ ਗਈ ਹੈ। ‘ਲੋਕਾਂ ਦੀਆਂ ਵੱਡੇ ਪੱਧਰ ’ਤੇ ਜਾਨਾਂ ਗਈਆਂ, ਤਣਾਅ ਦਾ ਪੱਧਰ ਵੱਧ ਗਿਆ ਅਤੇ ਜੀਵਨ ਸ਼ੈਲੀ ’ਚ ਬਦਲਾਅ ਆ ਗਏ ਹਨ। ਇਹ ਬਦਲਾਅ ਬਹੁਤ ਵੱਡੇ ਪੱਧਰ ’ਤੇ ਹਨ ਅਤੇ ਲਗਾਤਾਰ ਹੁੰਦੇ ਜਾ ਰਹੇ ਹਨ।’ ਸ੍ਰੀ ਜੈਸ਼ੰਕਰ ਨੇ ਆਸ ਪ੍ਰਗਟਾਈ ਕਿ ਆਲਮੀ ਭਾਈਚਾਰਾ ਇਕਜੁੱਟ ਹੋ ਕੇ ਸਮੱਸਿਆਵਾਂ ਦਾ ਹੱਲ ਕੱਢੇਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਲੋਕ ਸਿਹਤ ਅਤੇ ਡਿਜੀਟਲ ਪੱਖੋਂ ਹੋਰ ਜਾਗਰੂਕ ਹੋ ਗਏ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕਿਹਾ ਕਿ ਜੀ-20 ਮੁਲਕ ਦੁਨੀਆ ਨੂੰ ਚੁਣੌਤੀਆਂ ਨਾਲ ਸਿੱਝਣ ਦੀਆਂ ਕੋਸ਼ਿਸ਼ਾਂ ’ਚ ਇਕਜੁੱਟ ਕਰਨ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਵਿਡ-19 ਵੈਕਸੀਨਾਂ ਦੇ ਉਤਪਾਦਨ ’ਚ ਬਹੁਤ ਅਹਿਮ ਯੋਗਦਾਨ ਪਾ ਸਕਦਾ ਹੈ। -ਪੀਟੀਆਈ