ਫੋਰਬਸਗੰਜ, 3 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿਚ ਚੋਣ ਰੈਲੀ ਦੌਰਾਨ ਇਸ ਗੱਲ ਨੂੰ ਨਕਾਰ ਦਿੱਤਾ ਕਿ ਨਿਤੀਸ਼ ਸਰਕਾਰ ਖ਼ਿਲਾਫ਼ ਲੋਕ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਐਨਡੀਏ ਨੇ ਗੁਜ਼ਰੇ ਦਹਾਕੇ ਦੌਰਾਨ ਲੋਕਾਂ ਦੀਆਂ ‘ਲੋੜਾਂ’ ਪੂਰੀਆਂ ਕੀਤੀਆਂ ਹਨ ਤੇ ਹੁਣ ਉਨ੍ਹਾਂ ਦੀਆਂ ‘ਰੀਝਾਂ’ ਪੂਰੀਆਂ ਕਰਨ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉੱਤਰੀ ਬਿਹਾਰ ਦੇ ਅਰਾਰੀਆ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲੇ ਤੇ ਦੂਜੇ ਗੇੜ ਦੇ ਰੁਝਾਨ ਦੱਸ ਰਹੇ ਹਨ ਕਿ ਸੂਬੇ ਦੇ ਵੋਟਰਾਂ ਨੇ ‘ਡਬਲ ਯੁਵਰਾਜ’ ਨਕਾਰ ਦਿੱਤੇ ਹਨ। ਇਹ ਸ਼ਬਦ ਮੋਦੀ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਲਈ ਲਗਾਤਾਰ ਵਰਤ ਰਹੇ ਹਨ। ਪ੍ਰਧਾਨ ਮੰਤਰੀ ਨੇ ਐਨਡੀਏ ਦੇ ਹੱਕ ਵਿਚ ਰੈਲੀ ਕਰਦਿਆਂ ਕਿਹਾ ‘ਬਿਹਾਰ ਵਿਚ ਰੰਗਬਾਜ਼ੀ ਤੇ ਰੰਗਦਾਰੀ ਹਾਰ ਰਹੇ ਹਨ, ਵਿਕਾਸ ਤੇ ਕਾਨੂੰਨ ਦਾ ਰਾਜ ਜਿੱਤ ਰਹੇ ਹਨ, ਪਰਿਵਾਰਵਾਦ ਨੂੰ ਜਨਤੰਤਰ ਮਾਤ ਦੇ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਬਿਹਾਰ ਵਿਚ ਬੂਥ ਲੁੱਟ ਲਏ ਜਾਂਦੇ ਸਨ। ਲੋਕਾਂ ਨੂੰ ਵੋਟ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਐਨਡੀਏ ਨੇ ਹੀ ਸੂਬੇ ਦੇ ਦਬੇ-ਕੁਚਲੇ ਲੋਕਾਂ ਨੂੰ ਮੁੜ ਤੋਂ ਤਾਕਤ ਸੌਂਪੀ ਹੈ। ਮੋਦੀ ਨੇ ਨਿਤੀਸ਼ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਹਰ ਘਰ ਵਿਚ ਗੈਸ ਸਿਲੰਡਰ ਪਹੁੰਚਾਇਆ ਗਿਆ ਹੈ, ਹੁਣ ਗੈਸ ਪਾਈਪਲਾਈਨਾਂ ਉਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਘੇ ਦਹਾਕੇ ਵਿਚ ਸੜਕਾਂ ਬਣਾਈਆਂ ਗਈਆਂ, ਹੁਣ ਹਵਾਈ ਅੱਡੇ ਬਣਾਏ ਜਾ ਰਹੇ ਹਨ।
ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਹਮੇਸ਼ਾ ਗਰੀਬੀ ਮਿਟਾਉਣ ਦਾ ਝੂਠਾ ਵਾਅਦਾ ਕੀਤਾ। ਇਸ ਤੋਂ ਇਲਾਵਾ ਖੇਤੀ ਕਰਜ਼ਾ ਮੁਆਫ਼ੀ ਤੇ ਇਕ ਰੈਂਕ-ਇਕ ਪੈਨਸ਼ਨ ਦੇ ਵਾਅਦੇ ਵੀ ਝੂਠੇ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਸੰਸਦ ਦੇ ਦੋਵਾਂ ਸਦਨਾਂ, ਯੂਪੀ ਤੇ ਬਿਹਾਰ ਵਰਗੇ ਸੂਬਿਆਂ ਵਿਚ ਕਾਂਗਰਸ ਸਿਮਟ ਕੇ ਰਹਿ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਹਿਲੇ ਤੇ ਦੂਜੇ ਗੇੜ ਵਿਚ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਹਨ, ਇਹ ਮਿਸਾਲ ਹੈ ਕਿ ਭਾਰਤ ਵਿਚ ਲੋਕਤੰਤਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। -ਪੀਟੀਆਈ