ਨਵੀਂ ਦਿੱਲੀ, 30 ਜੁਲਾਈ
ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਦੇ ਨਾਂ ਕੌਮੀ ਜੰਗੀ ਯਾਦਗਾਰ ’ਤੇ ਉਕੇਰੇ ਜਾਣਗੇ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਲਈ ਕੁਝ ਮਹੀਨੇ ਲੱਗ ਸਕਦੇ ਹਨ। ਪਿਛਲੇ ਪੰਜ ਦਹਾਕਿਆਂ ਦੀ ਸਭ ਤੋਂ ਭਿਆਨਕ ਕਿਸਮ ਦੀ ਇਸ ਮੁਠਭੇੜ ’ਚ ਬੀਤੀ 15 ਜੂਨ ਦੀ ਰਾਤ ਨੂੰ ਚੀਨੀ ਅਤੇ ਭਾਰਤੀ ਫ਼ੌਜਾਂ ਦੇ ਜਵਾਨ ਕਈ ਘੰਟੇ ਲੜਦੇ ਰਹੇ। ਇਸ ਮੁਠਭੇੜ ’ਚ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਬੀ. ਸੰਤੋਸ਼ ਬਾਬੂ ਵੀ ਆਪਣੇ ਸਾਥੀਆਂ ਨਾਲ ਸ਼ਹਾਦਤ ਦਾ ਜਾਮ ਪੀ ਗਏ ਸਨ। ਇਸ ਘਟਨਾ ਤੋਂ ਬਾਅਦ ਦੋਵਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ’ਚ ਕਾਫ਼ੀ ਤਲਖ਼ੀ ਆ ਗਈ ਹੈ।