ਮੁੰਬਈ: ਇੱਥੇ ਇੱਕ ਘਰ ਵਿੱਚ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋਣ ਮਗਰੋਂ ਫੌਤ ਹੋਏ ਆਪਣੇ ਪੁੱਤਰ ਨੂੰ ਜ਼ਿੰਦਾ ਸਮਝ ਕੇ ਇੱਕ 70 ਸਾਲਾਂ ਬਜ਼ੁਰਗ ਮਾਂ ਸਾਰੀ ਰਾਤ ਉਸਦੇ ਨੇੜੇ ਬੈਠੀ ਰਹੀ। ਇਹ ਘਟਨਾ ਸੋਮਵਾਰ ਤੜਕੇ ਵਾਪਰੀ ਜਦੋਂ ਕਾਲਿਨਾ ਇਲਾਕੇ ਦੇ ਇੱਕ ਘਰ ’ਚ ਇੱਕ 42 ਸਾਲਾਂ ਵਿਅਕਤੀ ਬਾਥਰੂਮ ਵਿੱਚ ਡਿੱਗ ਗਿਆ। ਪੁਲੀਸ ਮੁਤਾਬਕ ਮੇਘਾਲਿਆ ਨਾਲ ਸਬੰਧਤ ਇਸ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ। ਕੁਝ ਸਮੇਂ ਬਾਅਦ ਜਦੋਂ ਔਰਤ ਨੇ ਉਸ ਨੂੰ ਡਿੱਗਿਆ ਵੇਖਿਆ ਤਾਂ ਉਹ ਉਸ ਦੇ ਸਰੀਰ ਨੂੰ ਖਿੱਚ ਕੇ ਬਾਹਰ ਲੈ ਆਈ ਤੇ ਉਸਦੇ ਵੱਡੇ ਭਰਾ ਦੇ ਨੇੜੇ ਪਾ ਦਿੱਤਾ ਜੋ ਕਿ ਖ਼ੁਦ ਬਿਸਤਰ ’ਤੇ ਹੀ ਹੈ। ਉਸ ਨੇ ਆਪਣੇ ਪੁੱਤਰ ਨੂੰ ਜ਼ਿੰਦਾ ਮੰਨਦਿਆਂ ਉਸ ਦੇ ਜ਼ਖ਼ਮਾਂ ’ਤੇ ਹਲਦੀ ਦਾ ਲੇਪ ਕੀਤਾ। ਅਗਲੀ ਸਵੇਰ ਉਸ ਦੇ ਨਾਂ ਉੱਠਣ ’ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਿਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਤੇ ਉਸ ਨੂੁੰ ਨੇੜਲੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ