ਮੁੰਬਈ, 26 ਅਗਸਤ
ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਸਬੰਧ ਵਿੱਚ ਈਡੀ ਵੱਲੋਂ ਮੈਨੇਜਰ ਜਯਾ ਸ਼ਾਹ ਨੂੰ ਤਲਬ ਕੀਤੇ ਜਾਣ ਦੇ ਇਕ ਦਿਨ ਮਗਰੋਂ ਅਦਾਕਾਰਾ ਕੰਗਣਾ ਰਣੌਤ ਦੇ ਆਏ ਟਵੀਟ ਨੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਕੰਗਣਾ ਨੇ ਟਵੀਟ ਕਰਕੇ ਦੋਸ਼ ਲਾਇਆ ਹੈ ਕਿ ਬੌਲੀਵੁੱਡ ਵਿੱਚ ਨਸ਼ਾ ਆਮ ਹੈ ਤੇ ਕੋਕੀਨ ਬੌਲੀਵੁੱਡ ਦਾ ਸਭ ਤੋਂ ਪਸੰਦੀਦਾ ਨਸ਼ਾ ਹੈ ਤੇ ਜੇ ਨਾਰਕੋਟਿਕ ਬਿਊਰੋ ਬੌਲੀਵੁੱਡ ਦੀ ਜਾਂਚ ਕਰਦਾ ਹੈ ਤਾਂ ਕਈ ਉਘੀਆਂ ਹਸਤੀਆਂ ਸਲਾਖ਼ਾਂ ਪਿੱਛੇ ਹੋਣਗੀਆਂ। ਉਸ ਨੇ ਕਿਹਾ ਕਿ ਨਸ਼ਾ ਹਰ ਘਰੇਲੂ ਪਾਰਟੀ ਵਿੱਚ ਵਰਤਾਇਆ ਜਾਂਦਾ ਹੈ ਤੇ ਇਹ ਬਹੁਤ ਮਹਿੰਗਾ ਹੁੰਦਾ ਹੈ ਪਰ ਸ਼ੁਰੂ ਵਿੱਚ ਜਦੋਂ ਤੁਸੀਂ ਕਿਸੇ ਰਸੂਖ਼ਦਾਰ ਦੀ ਪਾਰਟੀ ਵਿੱਚ ਜਾਂਦੇ ਹੋ ਤਾਂ ਇਹ ਮੁਫ਼ਤ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਸ ਨੇ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਕਿਸੇ ਤਰ੍ਹਾਂ ਦੀ ਜਾਂਚ ਜਿਸ ਵਿੱਚ ਉਸ ਦੀ ਲੋੜ ਹੋਵੇੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਇਸ ਬਦਲੇ ਉਸ ਨੇ ਕੇਂਦਰ ਸਰਕਾਰ ਤੋਂ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਬੀਤੇ ਕੁਝ ਵਰ੍ਹਿਆਂ ਤੋਂ ਕੰਗਣਾ ਬੌਲੀਵੁੱਡ ਵਿੱਚ ਭਾਈ ਭਤੀਜਾਵਾਦ ਖਿਲਾਫ਼ ਖੁੱਲ੍ਹ ਕੇ ਬੋਲਦੀ ਰਹੀ ਹੈ।