ਨਵੀਂ ਦਿੱਲੀ, 2 ਫਰਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਵਿੱਚ ਦੋ ਹਿੰਦੁਸਤਾਨ ਬਣ ਗਏ ਹਨ, ਜਿਸ ਵਿੱਚ ਇਕ ਅਮੀਰਾਂ ਅਤੇ ਦੂਜਾ ਗਰੀਬਾਂ ਲਈ ਹੈ। ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਲੋਕ ਸਭਾ ਵਿੱਚ ਧੰਨਵਾਦ ਮਤੇ ’ਤੇ ਹੋ ਰਹੀ ਚਰਚਾ ਵਿੱਚ ਹਿੱਸਾ ਲੈਂਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੁਲਕ ਅੱਗੇ ਮੂੰਹ ਅੱਡੀ ਖੜੀਆਂ ਚੁਣੌਤੀਆਂ ਦਾ ਭਾਸ਼ਣ ਵਿੱਚ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, ‘‘ ਭਾਸ਼ਣ ਵਿੱਚ ਕਈ ਰਣਨੀਤਕ ਮਸਲਿਆਂ ਨੂੰ ਛੋਹਿਆ ਹੀ ਨਹੀਂ ਗਿਆ। ਕਈ ਅਹਿਮ ਚੁਣੌਤੀਆਂ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ। ਤਿੰਨ ਬੁਨਿਆਦੀ ਵਿਸ਼ਿਆਂ ਦੀ ਇਸ ਵਿੱਚ ਗਲ ਨਹੀਂ ਕੀਤੀ ਗਈ। ਸਭ ਤੋਂ ਅਹਿਮ ਹੈ ਕਿ ਹੁਣ ਦੋ ਭਾਰਤ ਹਨ। ਇਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ। ਇਨ੍ਹਾਂ ਵਿਚਾਲੇ ਖੱਪਾ ਵਧਦਾ ਜਾ ਰਿਹਾ ਹੈ।’’ ਰਾਹੁਲ ਨੇ ਕਿਹਾ, ‘ਪ੍ਰਧਾਨ ਮੰਤਰੀ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਦੋਵੇਂ ਹਿੁੰਦਸਤਾਨਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਬਣਾਇਆ ਹੈ। -ਏਜੰਸੀ