ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉਪਰ ਹੈ ਤੇ ਅਗਲੇ ਸਾਲ ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਜਾਣ ਬਾਰੇ ਫੈਸਲਾ ਗ੍ਰਹਿ ਮੰਤਰਾਲਾ ਕਰੇਗਾ। ਹਾਲਾਂਕਿ ਸ੍ਰੀ ਠਾਕੁਰ ਨੇ ਆਸ ਪ੍ਰਗਟਾਈ ਕਿ ਪਾਕਿਸਤਾਨੀ ਟੀਮ ਅਗਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਭਾਰਤ ਆਏਗੀ ਤੇ ਉਸ ਦਾ ਸਵਾਗਤ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤੀ ਟੀਮ ਮਹਾਂਦੀਪੀ ਟੂਰਨਾਮੈਂਟ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ ਅਤੇ ਉਹਕਿਸੇ ਹੋਰ ਸਥਾਨ ‘ਤੇ ਟੂਰਨਾਮੈਂਟ ਹੋਣ ’ਤੇ ਉਸ ਵਿੱਚ ਹਿੱਸਾ ਲਏਗੀ। ਇਸ ’ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕਿਹਾ ਸੀ ਕਿ ਅਜਿਹਾ ਹੋਣ ’ਤੇ 2023 ਵਿੱਚ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਉਸਦੀ ਭਾਈਵਾਲੀ ’ਤੇ ਅਸਰ ਪੈ ਸਕਦਾ ਹੈ।
ਇਸ ਮਾਮਲੇ ’ਤੇ ਪੈਦਾ ਹੋਏ ਵਿਵਾਦ ਸਬੰਧੀ ਪੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ, ‘‘ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਮੁਲਕ ਇਥੇ ਆਉਣ ਤੇ ਮੁਕਾਬਲੇ ਵਿੱਚ ਹਿੱਸਾ ਲੈਣ। ’’ ਭਾਰਤੀ ਟੀਮ ਦੇ ਅਗਲੇ ਵਰ੍ਹੇ ਹੋ ਰਹੇ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਲਈ ਗੁਆਂਢੀ ਮੁਲਕ ਜਾਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ ਸੰਭਾਵਨਾਵਾਂ ਹਮੇਸ਼ਾ ਰਹਿੰਦੀਆਂ ਹਨ। ਕਿਸ ਨੇ ਸੋਚਿਆ ਸੀ ਕਿ ਕਰੋਨਾ ਦੀ ਮਹਾਮਾਰੀ ਆਏਗੀ। ਕੁਝ ਵੀ ਹੋ ਸਕਦਾ ਹੈ ਪਰ ਸੰਭਾਵਨਾ(ਭਾਰਤੀ ਟੀਮ ਦੇ ਪਾਕਿਸਤਾਨ ਜਾਣ ਦੀ) ਜ਼ਿਆਦਾ ਨਹੀਂ ਹੈ। ਇਸ ਸਬੰਧੀ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਵੇਗਾ। ਕੁਲ ਮਿਲਾ ਕੇ, ਖਿਡਾਰੀਆਂ ਦੀ ਸੁਰੱਖਿਆ ਇੱਕ ਮਹੱਤਵਪੂਰਨ ਮਾਮਲਾ ਹੈ। ’’ ਉਨ੍ਹਾਂ ਕਿਹਾ, ‘‘ ਅਸੀਂ ਆਈਸੀਸੀ ਟੂਰਨਾਮੈਂਟ ਵਿੱਚ ਪਾਕਿਸਤਾਨ ਨਾਲ ਖੇਡਦੇ ਰਹੇ ਹਾਂ ਪਰ ਦੁਵੱਲੀ ਲੜੀ ਨੂੰ ਲੈ ਕੇ ਸਾਡਾ ਰੁਖ਼ ਪਹਿਲਾਂ ਵਾਲਾ ਹੀ ਹੈ। ਅਤਿਵਾਦ ਦੀ ਛਾਂ ਹੇਠ ਕ੍ਰਿਕਟ ਨਹੀਂ ਖੇਡਿਆ ਜਾ ਸਕਦਾ। ’’
ਭਾਰਤ ਨੇ ਸਾਲ 2008 ਦੇ ਏਸ਼ੀਆ ਕੱਪ ਤੋਂ ਬਾਅਦ ਪਾਕਿਸਤਾਨ ਦੀ ਯਾਤਰਾ ਨਹੀਂ ਕੀਤੀ ਹੈ। ਪਾਕਿਸਤਾਨ ਨੇ 2012 ਵਿੱਚ ਛੇ ਮੈਚਾਂ ਦੀ ਲੜੀ ਲਈ ਭਾਰਤ ਦੀ ਯਾਤਰਾ ਕੀਤੀ ਸੀ, ਪਰ ਪਿਛਲੇ 10 ਸਾਲਾਂ ਵਿੱਚ ਦੋਨਾਂ ਮੁਲਕਾਂ ਵਚਾਲੇ ਕੋਈ ਕਿ੍ਕਟ ਲੜੀ ਨਹੀਂ ਖੇਡੀ ਗਈ। ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸੀਸੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹੀ ਇੱਕ ਦੂਜੇ ਨਾਲ ਖੇਡੀਆਂ ਹਨ। -ਪੀਟੀਆਈ