ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੀਖਿਆਵਾਂ ਬਾਰੇ ਕੌਮੀ ਬੋਰਡ (ਐੱਨਬੀਈ) ਨੂੰ ਕੌਮੀ ਯੋਗਤਾ ਦਾਖ਼ਲਾ ਪ੍ਰੀਖਿਆ (ਨੀਟ) ਪੀਜੀ 2022 ਛੇ ਤੋਂ ਅੱਠ ਹਫ਼ਤਿਆਂ ਲਈ ਅੱਗੇ ਪਾਉਣ ਲਈ ਕਿਹਾ ਹੈ। ਨੀਟ ਪੀਜੀ 2022 ਦੀ ਤਰੀਕ ਨੀਟ ਪੀਜੀ 2021 ਕਾਊਂਸਲਿੰਗ ਨਾਲ ਖਹਿਣ ਕਰਕੇ ਇਹ ਫੈਸਲਾ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਛੇ ਐੱਮਬੀਬੀਐੱਸ ਗਰੈਜੂਏਟਾਂ ਨੇ 25 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਦਾਖ਼ਲ ਪਟੀਸ਼ਨ ’ਚ ਪੋਸਟਗਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖ਼ਲਿਆਂ ਲਈ 12 ਮਾਰਚ ਨੂੰ ਤਜਵੀਜ਼ਤ ਕੌਮੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ) ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕੀਤੀ ਸੀ। ਪਟੀਸ਼ਨਰਾਂ ਨੇ ਦਾਅਵਾ ਕੀਤਾ ਸੀ ਕਿ ਕਈ ਐੱਮਬੀਬੀਐੇੱਸ ਗਰੈਜੂਏਟ ਲਾਜ਼ਮੀ ਇੰਟਰਨਸ਼ਿਪ ਅਰਸੇ ਦਾ ਅਮਲ ਪੂਰਾ ਨਾ ਹੋਣ ਕਰਕੇ ਇਸ ਪ੍ਰੀਖਿਆ ਵਿੱਚ ਬੈਠ ਨਹੀਂ ਸਕਣਗੇ। ਮੈਡੀਕਲ ਸਿੱਖਿਆ ਬਾਰੇ ਸਹਾਇਕ ਡਾਇਰੈਕਟਰ ਜਨਰਲ ਤੇ ਮੈਡੀਕਲ ਕਾਊਂਸਲਿੰਗ ਕਮੇਟੀ ਦੇ ਮੈਂਬਰ ਸਕੱਤਰ ਡਾ. ਬੀ.ਸ੍ਰੀਨਿਵਾਸ ਨੇ ਐੱਨਬੀਈ ਦੇ ਕਾਰਜਕਾਰੀ ਡਾਇਰੈਕਟਰ ਡਾ.ਐੱਮ.ਬਾਜਪਾਈ ਨੂੰ 3 ਫਰਵਰੀਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਨੂੰ ਨੀਟ-ਪੀਜੀ 2022 ਪ੍ਰੀਖਿਆ ਮੁਲਤਵੀ ਕੀਤੇ ਜਾਣ ਸਬੰਧੀ ਡਾਕਟਰਾਂ ਤੋਂ ਕਈ ਪੱਤਰ ਮਿਲੇ ਹਨ। ਡਾਕਟਰਾਂ ਨੇ ਪ੍ਰੀਖਿਆ ਤਰੀਕ ਤੇ ਨੀਟ ਪੀਜੀ 2021 ਕਾਊਂਸਲਿੰਗ ਇਕੋ ਵੇਲੇ ਹੋਣ ਦਾ ਤਰਕ ਦਿੱਤਾ ਸੀ। ਸ੍ਰੀਨਿਵਾਸ ਨੇ ਕਿਹਾ ਕਿ ਵੱਡੀ ਗਿਣਤੀ ਇੰਟਰਨ ਮਈ-ਜੂਨ ਵਿੱਚ ਹੋਣ ਵਾਲੀ ਪੀਜੀ ਕਾਊਂਸਲਿੰਗ 2022 ਵਿੱਚ ਸ਼ਾਮਲ ਹੋਣ ਤੋਂ ਰਹਿ ਜਾਣਗੇ। ਉਨ੍ਹਾਂ ਕਿਹਾ, ‘‘ਉਪਰੋਕਤ ਤੱਥਾਂ ’ਤੇ ਨਜ਼ਰਸਾਨੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਨੀਟ ਪੀਜੀ 2022 ਨੂੰ 6 ਤੋਂ 8 ਹਫ਼ਤਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ, ਜਿਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।’’ -ਪੀਟੀਆਈ