ਸ੍ਰੀਨਗਰ, 13 ਸਤੰਬਰ
ਫ਼ੌਜ ਨੇ ਅਤਿਵਾਦ ਤੋਂ ਪ੍ਰਭਾਵਿਤ ਕਸ਼ਮੀਰ ਵਿੱਚ ‘ਸੰਪਰਕ ਦਾ ਪਤਾ ਲਾਉਣ’ ਦੀ ਇੱਕ ਨਵੀਂ ਰਣਨੀਤੀ ਅਪਣਾਈ ਹੈ। ਇਸ ਤਹਿਤ ਸਥਾਨਕ ਅਤਿਵਾਦੀਆਂ ਜਾਂ ਮੁਕਾਬਲੇ ਵਿੱਚ ਮਾਰੇ ਜਾਣ ਵਾਲਿਆਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਪਤਾ ਲਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੰਦੂਕ ਨਾ ਚੁੱਕਣ ਲਈ ਸਮਝਾਇਆ ਜਾਂਦਾ ਹੈ। ਜਿਹੜੇ ਨੌਜਵਾਨਾਂ ਦੇ ਅਤਿਵਾਦ ਵੱਲ ਜਾਣ ਦੀ ਸੰਭਾਵਨਾ ਲਗਦੀ ਹੈ, ਉਸ ਦੇ ਪਰਿਵਾਰਾਂ ਨਾਲ ਵੀ ਫ਼ੌਜ ਵੱਲੋਂ ਸੰਪਰਕ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਕਿਹਾ ਜਾਂਦਾ ਹੈ।
ਕਸ਼ਮੀਰ ਵਿੱਚ ਰਣਨੀਤਕ 15ਵੀਂ ਕੋਰ ਦੀ ਅਗਵਾਈ ਕਰ ਰਹੇ ਲੈਫਟੀਨੈਂਟ ਜਨਰਲ ਬੀ ਐੱਸ ਰਾਜੂ ਦਾ ਮੰਨਣਾ ਹੈ ਕਿ ਢੁਕਵੇਂ ਸਮੇਂ ’ਤੇ ਸਹੀ ਮਾਰਗਦਰਸ਼ਨ ਕਰਕੇ ਗੁਮਰਾਹ ਹੋਏ ਨੌਜਵਾਨਾਂ ਨੂੰ ਗ਼ਲਤ ਕਦਮ ਚੁੱਕਣ ਵਿੱਚ ਮਦਦ ਮਿਲ ਸਕਦੀ ਹੈ। ‘ਵਿਕਟਰ ਫੋਰਸ’ ਦੇ ਮੁਖੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹੇ ਯਤਨਾਂ ਨੂੰ ਕਾਫ਼ੀ ਸਫ਼ਲਤਾ ਵੀ ਮਿਲੀ ਹੈ।
ਇਸ ਫੋਰਸ ਵਿੱਚ ਫੌਜ ਦੀਆਂ ਕਈ ਯੂਨਿਟਾਂ ਸ਼ਾਮਲ ਹਨ ਅਤੇ ਇਹ ਦੱਖਣ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਪੁਲਵਾਮਾ, ਅਨੰਤਨਾਗ, ਸ਼ੋਪੀਆਂ ਅਤੇ ਕੁਲਗਾਮ ’ਤੇ ਖ਼ਾਸ ਨਜ਼ਰ ਰੱਖਦੀ ਹੈ।
ਲੈਫਟੀਨੈਂਟ ਜਨਰਲ ਰਾਜੂ ਨੇ ਦੱਸਿਆ, ‘‘ਫ਼ੌਜ ਦਾ ਹਮੇਸ਼ਾ ਤੋਂ ਵਿਚਕਾਰਲੀ ਕੜੀ ਤੋੜਨ ’ਚ ਯਕੀਨ ਰਿਹਾ ਹੈ।’’ ‘ਵਿਕਟਰ ਫੋਰਸ’ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਰਾਜੂ ਨੂੰ ਅਨੰਤਨਾਗ ਦੇ 20 ਸਾਲਾ ਨੌਜਵਾਨ ਮਾਜਿਦ ਖ਼ਾਨ ਦਾ ਸਾਲ 2016 ਵਿੱਚ ਆਤਮਸਮਰਪਣ ਕਰਵਾਉਣ ਦਾ ਸਿਹਰਾ ਵੀ ਜਾਂਦਾ ਹੈ।
ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੇ ਯਤਨਾਂ ਨਾਲ ਇੱਕ ਹੋਰ ਨੌਜਵਾਨ ਨੂੰ ਅਤਿਵਾਦ ਵੱਲ ਜਾਣ ਤੋਂ ਰੋਕਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ, ਪਰ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਨੌਜਵਾਨ ਦੀ ਪਛਾਣ ਗੁਪਤ ਰੱਖੀ ਹੈ। -ਪੀਟੀਆਈ
ਹਿਜ਼ਬੁਲ ਵੱਲੋਂ ਸਿਆਸੀ ਆਗੂਆਂ ਨੂੰ ਧਮਕੀ
ਜੰਮੂ: ਪੁਲੀਸ ਨੇ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੂੰ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਤੋਂ ਧਮਕੀ ਭਰਿਆ ਪੱਤਰ ਮਿਲਣ ਦੇ ਮਾਮਲੇ ’ਚ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਰਦੂ ਵਿੱਚ ਲਿਖੇ ਦੋ ਪੰਨਿਆਂ ਦੇ ਪੱਤਰ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਜੰਮੂ ਖੇਤਰ ਦੇ ਮੁੱਖਧਾਰਾ ਦੇ ਆਗੂ ਸਿਆਸਤ ਨਹੀਂ ਛੱਡਣਗੇ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨਾਂ ਵੀ ਸ਼ਾਮਲ ਹੈ। -ਪੀਟੀਆਈ