ਨਵੀਂ ਦਿੱਲੀ, 4 ਅਗਸਤ
ਰਾਸ਼ਟਰੀ ਸਵੈਮਸੇਵਕ ਸੰਘ ਦੇ ਸਾਬਕਾ ਵਿਚਾਰਕ ਕੇ.ਐੱਨ. ਗੋਵਿੰਦਾਚਾਰੀਆ ਨੇ ਅੱਜ ਕਿਹਾ ਕਿ ਭਾਰਤੀ ਸਿਆਸਤ ਦਾ ‘ਮੁੱਖ ਰੰਗ ਹੁਣ ਹਿੰਦੂਤਵ’ ਹੈ ਅਤੇ ‘ਸਮਾਜਵਾਦ’ ਤੇ ‘ਧਰਮ ਨਿਰਪੱਖਤਾ’ ਸਿਆਸਤ ਦਾ ਕੇਂਦਰ ਨਹੀਂ ਰਹੇ। ਅਯੁੱਧਿਆ ’ਚ ਰਾਮ ਮੰਦਰ ਦੀ ਭੂਮੀ ਪੂਜਾ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਤੋਂ ਇੱਕ ਦਿਨ ਪਹਿਲਾਂ ਗੋਵਿੰਦਾਚਾਰੀਆ ਨੇ ਕਿਹਾ ਕਿ ਇਹ ਕੌਮੀ ਰਾਜਨੀਤੀ ਦੇ ਹਿੰਦੂਤਵੀ ਜੜ੍ਹਾਂ ਵੱਲ ਮੁੜਨ ਦਾ ਪ੍ਰਤੀਕ ਹੈ ਜੋ 2010 ਤੋਂ ਬਾਅਦ ਮਜ਼ਬੂਤ ਹੋਣ ਤੋਂ ਪਹਿਲਾਂ ਦਹਾਕਿਆਂ ਤੱਕ ਹਾਸ਼ੀਏ ’ਤੇ ਪਈਆਂ ਹੋਈਆਂ ਸਨ। ਸਾਲ 1988-91 ’ਚ ਭਾਜਪਾ ਦੇ ਤਤਕਾਲੀ ਪ੍ਰਧਾਨ ਐੱਲ ਕੇ ਅਡਵਾਨੀ ਦੇ ਸਹਾਇਕ ਰਹੇ ਗੋਵਿੰਦਾਚਾਰੀਆ 1990 ’ਚ ਅਡਵਾਨੀ ਵੱਲੋਂ ਕੱਢੀ ਗਈ ਰਥ ਯਾਤਰਾ ਦੇ ਯੋਜਨਾਕਾਰ ਮੰਨੇ ਜਾਂਦੇ ਹਨ । -ਪੀਟੀਆਈ