ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਜਹਾਂਗੀਰਪੁਰੀ ਫਿਰਕੂ ਹਿੰਸਾ ਮਾਮਲੇ ’ਚ ਅਤਿ ਲੋੜੀਂਦੇ ਮੁਲਜ਼ਮ ਨੂੰ ਅੱਜ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਫਰੀਦ ਉਰਫ਼ ਨੀਟੂ ਵਜੋਂ ਹੋਈ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ, ‘ਉਹ (ਫਰੀਦ) ਫਿਰਕੂ ਹਿੰਸਾ ’ਚ ਸਰਗਰਮੀ ਨਾਲ ਸ਼ਾਮਲ ਸੀ ਤੇ ਉਸ ਨੇ ਇਸ ’ਚ ਅਹਿਮ ਭੂਮਿਕਾ ਨਿਭਾਈ। ਸਾਡੀਆਂ ਕਈ ਟੀਮਾਂ ਪੱਛਮੀ ਬੰਗਾਲ ਗਈਆਂ ਤੇ ਅੱਜ ਉਸ ਨੂੰ ਤਮਲੁਕ ਪਿੰਡ ਵਿੱਚ ਉਸ ਦੀ ਰਿਸ਼ਤਦਾਰ ਮਹਿਲਾ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਉਡਾਣ ਰਾਹੀਂ ਦਿੱਲੀ ਲਿਆਂਦਾ ਗਿਆ ਹੈ।’ ਉਨ੍ਹਾਂ ਦੱਸਿਆ ਕਿ ਦੰਗਿਆਂ ਮਗਰੋਂ ਮੁਲਜ਼ਮ ਮੌਕੇ ਤੋਂ ਭੱਜ ਗਿਆ ਸੀ। ਉਸ ਤੋਂ ਬਾਅਦ ਉਹ ਲਗਾਤਾਰ ਆਪਣੇ ਟਿਕਾਣੇ ਬਦਲ ਕੇ ਸਾਰੇ ਪੱਛਮੀ ਬੰਗਾਲ ’ਚ ਘੁੰਮਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਚੋਰੀ, ਝਪਟਮਾਰੀ, ਲੁੱਟ-ਖੋਹ ਸਮੇਤ ਛੇ ਕੇਸ ਪਹਿਲਾਂ ਹੀ ਦਰਜ ਹਨ। ਉਹ ਜਹਾਂਗੀਰਪੁਰੀ ਇਲਾਕੇ ’ਚ ਲੰਮੇ ਸਮੇਂ ਤੋਂ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ 16 ਅਪਰੈਲ ਨੂੰ ਜਹਾਂਗੀਰਪੁਰੀ ’ਚ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਫਿਰਕੂ ਝੜਪ ਹੋ ਗਈ ਸੀ ਜਿਸ ’ਚ ਅੱਠ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਕੁਝ ਸਥਾਨਕ ਲੋਕ ਜ਼ਖ਼ਮੀ ਹੋ ਗਏ ਸਨ। ਪੁਲੀਸ ਅਨੁਸਾਰ ਇਸ ਦੌਰਾਨ ਪੱਥਰਬਾਜ਼ੀ ਹੋਈ ਤੇ ਕੁਝ ਵਾਹਨਾਂ ਨੂੰ ਅੱਗ ਵੀ ਲਾ ਦਿੱਤੀ ਗਈ ਸੀ। ਘਟਨਾ ਤੋਂ ਕੁਝ ਦਿਨ ਬਾਅਦ ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੇਸ ਦੇ ਮੁੱਖ ਮੁਲਜ਼ਮਾਂ ਖ਼ਿਲਾਫ਼ ਮਨੀ ਲਾਂਡਰਿੰਗ ਕਾਨੂੰਨ ਤਹਿਤ ਕੇਸ ਦਰਜ ਕਰਨ ਲਈ ਲਿਖਿਆ ਸੀ। ਪੁਲੀਸ ਨੇ ਇਸ ਕੇਸ ’ਚ ਪੰਜ ਮੁਲਜ਼ਮਾਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ ਤਹਿਤ ਕੇਸ ਦਰਜ ਕੀਤੇ ਹਨ।