ਨਵੀਂ ਦਿੱਲੀ, 11 ਅਕਤੂਬਰ
ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 21 ਮਈ ਨੂੰ ਘਰੇਲੂ ਉਡਾਣਾਂ ਦੇ ਇਕਾਨਮੀ ਵਰਗ ਦੀਆਂ ਸੀਟਾਂ ਲਈ ਨਿਰਧਾਰਿਤ ਕੀਤੇ ਕਿਰਾਏ ਦੀ ਹੇਠਲੀ ਲਿਮਿਟ ਹੁਣ ਪ੍ਰੀਮੀਅਮ ਇਕਾਨਮੀ ਕਲਾਸ ਸੀਟਾਂ ’ਤੇ ਵੀ ਲਾਗੂ ਹੋਵੇਗੀ। ਮੰਤਰਾਲੇ ਵੱਲੋਂ 5 ਅਕਤੂਬਰ ਨੂੰ ਜਾਰੀ ਹੁਕਮਾਂ, ਜਿਸ ਦੀ ਇਕ ਕਾਪੀ ਇਸ ਖ਼ਬਰ ਏਜੰਸੀ ਕੋਲ ਵੀ ਮੌਜੂਦ ਹੈ, ਵਿੱਚ ਹਾਲਾਂਕਿ ਸਾਫ਼ ਕਰ ਦਿੱਤਾ ਗਿਆ ਹੈ ਕਿ ਸਰਕਾਰ ਵੱਲੋਂ ਮਿੱਥੀ ਕਿਰਾਏ-ਭਾੜੇ ਦੀ ਉਪਰਲੀ ਲਿਮਿਟ ਇਕਾਨਮੀ ਵਰਗ ਦੀਆਂ ਪ੍ਰੀਮੀਅਮ ਸੀਟਾਂ ’ਤੇ ਲਾਗੂ ਨਹੀਂ ਹੋਵੇਗੀ। ਚੇਤੇ ਰਹੇ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ ਨੂੰ ਉਡਾਣ ਦੀ ਮਿਆਦ ਦੇ ਆਧਾਰ ’ਤੇ ਸੱਤ ਬੈਂਡਾਂ ਜ਼ਰੀਏ ਘਰੇਲੂ ਉਡਾਣਾਂ ਦੇ ਕਿਰਾਏ ਲਈ ਉਪਰਲੀ ਤੇ ਹੇਠਲੀ ਲਿਮਿਟ ਨਿਰਧਾਰਿਤ ਕੀਤੀ ਸੀ, ਜੋ 24 ਅਗਸਤ ਤਕ ਅਮਲ ਵਿੱਚ ਰਹਿਣੀ ਸੀ, ਪਰ ਮਗਰੋਂ ਇਸ ਨੂੰ 24 ਨਵੰਬਰ ਤਕ ਵਧਾ ਦਿੱਤਾ ਗਿਆ। ਭਾਰਤ ਵਿੱਚ ਘਰੇਲੂ ਹਵਾਈ ਉਡਾਣਾਂ ਚਲਾਉਣ ਵਾਲੀਆਂ ਹਵਾਈ ਕੰਪਨੀਆਂ ’ਚੋਂ ਵਿਸਤਾਰਾ ਦੀਆਂ ਉਡਾਣਾਂ ਵਿੱਚ ਹੀ ਪ੍ਰੀਮੀਅਮ ਇਕਾਨਮੀ ਵਰਗ ਦੀਆਂ ਸੀਟਾਂ ਉਪਲੱਬਧ ਹਨ। ਕਰੋਨਾਵਾਇਰਸ ਮਹਾਮਾਰੀ ਕਰਕੇ ਬੰਦ ਪਈਆਂ ਘਰੇਲੂ ਮੁਸਾਫ਼ਰ ਉਡਾਣਾਂ ਭਾਰਤ ਵਿੱਚ 25 ਮਈ ਤੋਂ ਮੁੜ ਸ਼ੁਰੂ ਹੋ ਗਈਆਂ ਸਨ। ਹਵਾਬਾਜ਼ੀ ਮੰਤਰਾਲੇ ਨੇ 21 ਮਈ ਦੇ ਆਪਣੇ ਹੁਕਮਾਂ ’ਚ ਸੋਧ ਕਰਦਿਆਂ ਕਿਹਾ, ‘ਸੰਕੇਤਕ ਕਿਰਾਏ-ਭਾੜੇ ਬਿਜ਼ਨਸ ਤੇ ਪ੍ਰੀਮੀਅਮ ਇਕਾਨਮੀ ਵਰਗਾਂ ਲਈ ਲਾਗੂ ਨਹੀਂ ਹੋਣਗੇ। ਹਾਲਾਂਕਿ ਪ੍ਰੀਮੀਅਮ ਇਕਾਨਮੀ ਵਰਗ ਵਿੱਚ ਹੇਠਲਾ ਕਿਰਾਇਆ-ਭਾੜਾ ਬੈਂਡ ਲਾਗੂ ਹੋਵੇਗਾ।’ ਮੰਤਰਾਲੇ ਨੇ 21 ਮਈ ਨੂੰ ਜਾਰੀ ਹੁਕਮਾਂ ਵਿੱਚ ਟਿਕਟਾਂ ਦੀ ਕੀਮਤ ਲਈ ਸੱਤ ਬੈਂਡ ਜਾਰੀ ਕੀਤੇ ਸਨ, ਜਿਸ ਵਿੱਚ ਉਡਾਣ ਦੀ ਮਿਆਦ ਦੇ ਆਧਾਰ ’ਤੇ ਕਿਰਾਏ ਦੀ ਹੇਠਲੀ ਤੇ ਉਪਰਲੀ ਲਿਮਟ ਨਿਰਧਾਰਿਤ ਕੀਤੀ ਗਈ ਸੀ। -ਪੀਟੀਆਈ