ਬੁਲੰਦਸ਼ਹਿਰ/ਨਵੀਂ ਦਿੱਲੀ, 11 ਅਗਸਤ
ਅਮਰੀਕਾ ’ਚ ਪੜ੍ਹਾਈ ਕਰ ਰਹੀ 20 ਸਾਲਾ ਸੁਦੀਕਸ਼ਾ ਭਾਟੀ ਦੀ ਸੜਕ ਹਾਦਸੇ ’ਚ ਮੌਤ ਮਾਮਲੇ ’ਚ ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਦੀ ਵਜ੍ਹਾ ਮੋਟਰਸਾਈਕਲ ਸਵਾਲ ਲੜਕੇ ਸਨ ਜੋ ਕਥਿਤ ਤੌਰ ’ਤੇ ਲੜਕੀ ਦਾ ਪਿੱਛਾ ਕਰਦੇ ਹੋਏ ਉਸ ਨੂੰ ਪ੍ਰੇਸ਼ਾਨ ਕਰ ਰਹੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸਵੇਰੇ ਔਰੰਗਾਬਾਦ ਇਲਾਕੇ ’ਚ ਵਾਪਰੀ। ਸੁਦੀਕਸ਼ਾ ਮੋਟਰਸਾਈਕਲ ’ਤੇ ਪਿੱਛੇ ਬੈਠੀ ਹੋਈ ਸੀ ਜਦਕਿ ਮੋਟਰਸਾਈਕਲ ਉਸ ਦਾ ਛੋਟਾ ਭਰਾ ਚਲਾ ਰਿਹਾ ਸੀ। ਸੁਦੀਕਸ਼ਾ ਨੇ 20 ਅਗਸਤ ਨੂੰ ਵਾਪਸ ਅਮਰੀਕਾ ਜਾਣਾ ਸੀ। ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਉਸ ਨਾਲ ਛੇੜਛਾੜ ਕਰ ਰਹੇ ਸੀ ਤੇ ਇਸੇ ਕਾਰਨ ਸੁਦੀਕਸ਼ਾ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਬੁਲੰਦਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਯੂਪੀ ਪੁਲੀਸ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਤੁਰੰਤ ਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਸੀਸੀਟੀਵੀ ਦੀ ਫੁਟੇਜ ਵੀ ਦੇਖੀ ਜਾਵੇ। ਯੂਪੀ ਦੇ ਡੀਜੀਪੀ ਐੱਚਸੀ ਅਵਸਥੀ ਨੇ ਕਿਹਾ ਕਿ ਇਹ ਪੱਕਾ ਹੈ ਕਿ ਹਾਦਸਾ ਹੋਇਆ ਹੈ। ਜਾਂਚ ਦੌਰਾਨ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਮੁਤਾਬਕ ਕਾਰਵਾਈ ਅੱਗੇ ਵਧਾਈ ਜਾਵੇਗੀ। ਇਸ ਹਾਦਸੇ ’ਚ ਜ਼ਖ਼ਮੀ ਲੜਕੀ ਨੂੰ ਤੁਰੰਤ ਹਸਪਤਾਲ ਵੀ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਕਿਹਾ ਕਿ ਉਹ ਛੇੜਛਾੜ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਸਬੰਧਤ ਲੋਕਾਂ ਦੇ ਬਿਆਨ ਦਰਜ ਕੀਤੇ ਜਾਣਗੇ। ਵੀਡੀਓ ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
-ਪੀਟੀਆਈ