ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਬਾਰੇ ਫ਼ੈਸਲਾ ਦੇਸ਼ ਵਿਚ ਕਰੋਨਾ ਦੇ ਹਾਲਾਤ ਤੇ ਪਾਬੰਦੀਆਂ ’ਚ ਛੋਟ ਦੇ ਆਧਾਰ ’ਤੇ ਲਿਆ ਜਾਵੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇਹ ਟਿੱਪਣੀ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਸਬੰਧੀ ਪੇਸ਼ ਕੀਤੀ ਤਜਵੀਜ਼ ਦੇ ਮੱਦੇਨਜ਼ਰ ਕੀਤੀ ਹੈ। ਉਨ੍ਹਾਂ ਇਸ ਮੁੱਦੇ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੋਵਿਡ-19 ਦੇ ਮੱਦੇਨਜ਼ਰ ਇਹ ਲਾਂਘਾ ਬੰਦ ਕੀਤਾ ਗਿਆ ਸੀ। ਅਸੀਂ ਕੇਂਦਰੀ ਗ੍ਰਹਿ ਤੇ ਸਿਹਤ ਮੰਤਰਾਲੇ ਸਮੇਤ ਸਾਰੀਆਂ ਅਥਾਰਿਟੀਆਂ ਨਾਲ ਲਗਾਤਾਰ ਸੰਪਰਕ ’ਚ ਹਾਂ। ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਬਾਰੇ ਫ਼ੈਸਲਾ ਕਰੋਨਾਵਾਇਰਸ ਦੀ ਦੇਸ਼ ਵਿਚਲੀ ਸਥਿਤੀ ਤੇ ਪਾਬੰਦੀਆਂ ’ਚ ਦਿੱਤੀਆਂ ਜਾ ਰਹੀਆਂ ਰਾਹਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।’ ਸ੍ਰੀਵਾਸਤਵ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਵੱਲੋਂ ਅਜੇ ਬੁੱਢੀ ਰਾਵੀ ਨਦੀ ’ਤੇ ਪੁਲ ਬਣਾਇਆ ਜਾਣਾ ਹੈ ਜਿਸ ਦਾ ਉਸ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ।
-ਪੀਟੀਆਈ