ਜੰਮੂ, 31 ਜੁਲਾਈ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਹਾਈ ਕੋਰਟ ’ਚ ਸੀਬੀਆਈ ਦੀ ਵਕੀਲ ਮੋਨਿਕਾ ਕੋਹਲੀ ਨੂੰ ਸੁਰੱਖਿਆ ਮੁਹੱਈਆ ਕੀਤੀ ਹੈ। ਉਹ ਅਤਿਵਾਦ ਨਾਲ ਸਬੰਧਤ ਕੁਝ ਸੰਵੇਦਨਸ਼ੀਲ ਕੇਸਾਂ ’ਚ ਜਾਂਚ ਏਜੰਸੀ ਦੀ ਨੁਮਾਇੰਦਗੀ ਕਰ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੋਨਿਕਾ ਕੋਹਲੀ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸਿਨ ਮਲਿਕ ਖ਼ਿਲਾਫ਼ ਦੋ ਕੇਸਾਂ ’ਚ ਮੁੱਖ ਵਕੀਲ ਹੈ। ਇਨ੍ਹਾਂ ਦੋ ਕੇਸਾਂ ਵਿੱਚ 1989 ’ਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ ਨੂੰ ਅਗਵਾ ਕਰਨ ਅਤੇ 1990 ’ਚ ਭਾਰਤੀ ਹਵਾਈ ਸੈਨਾ ਦੇ ਚਾਰ ਕਰਮੀਆਂ ਦੀ ਹੱਤਿਆ ਕਰਨ ਦੀ ਘਟਨਾ ਸ਼ਾਮਲ ਹੈ। ਮੋਨਿਕਾ ਕੋਹਲੀ 2005 ਤੋਂ ਜੰਮੂ ਕਸ਼ਮੀਰ ਹਾਈ ਕੋਰਟ ’ਚ ਸੀਬੀਆਈ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਕਸ਼ਮੀਰ ਘਾਟੀ ’ਚ ਅਤਿਵਾਦ ਦੇ ਸਿਖਰ ਦੌਰਾਨ ਦੋ ਗੰਭੀਰ ਅਪਰਾਧਾਂ ’ਚ ਮਲਿਕ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਇਨ੍ਹਾਂ ਦੋਵਾਂ ਕੇਸਾਂ ’ਚ ਮਲਿਕ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਇਨ੍ਹਾਂ ’ਚੋਂ ਇੱਕ ਕੇਸ ਵਿੱਚ ਮਲਿਕ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਹਲੀ ਨੂੰ ਇਹਤਿਆਤ ਵਜੋਂ ਨਿੱਜੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਕਿਉਂਕਿ ਉਹ ਬਹੁਤ ਹੀ ਸੰਵੇਦਨਸ਼ੀਲ ਕੇਸਾਂ ਵਿੱਚ ਕੇਂਦਰੀ ਏਜੰਸੀ ਦੀ ਨੁਮਾਇੰਦਗੀ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਖਦਸ਼ਾ ਵੀ ਹੈ ਕਿ ਕੇਸਾਂ ਦੀ ਸੁਣਵਾਈ ਦੌਰਾਨ ਦੇਸ਼ ਦੀ ਪ੍ਰਭੂਸੱਤਾ ਵਿਰੋਧੀ ਕਈ ਹੋਰ ਲੋਕਾਂ ਤੇ ਜਥੇਬੰਦੀਆਂ ਦੇ ਨਾਂ ਸਾਹਮਣੇ ਆ ਸਕਦੇ ਹਨ। -ਪੀਟੀਆਈ