ਲਖਨਊ, 20 ਅਕਤੂਬਰ
ਉਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 40 ਫ਼ੀਸਦੀ ਔਰਤਾਂ ਨੂੰ ਟਿਕਟ ਦੇਣ ਦੇ ਕਾਂਗਰਸ ਦੇ ਐਲਾਨ ਨੇ ਸੂਬਾਈ ਸੰਸਦ ਵਿੱਚ ਔਰਤਾਂ ਦੀ ਘੱਟ ਨੁਮਾਇੰਦਗੀ ਨੂੰ ਕੇਂਦਰ ਵਿੱਚ ਲਿਆਂਦਾ ਹੈ ਅਤੇ ਇਸ ਦਾਅ ਨੇ ਚੋਣ ਮੈਦਾਨ ਵਿੱਚ ਔਰਤਾਂ ਨੂੰ ਮੋਹਰੇ ਵਜੋਂ ਉਤਾਰਨ ਤੋਂ ਉਪਰ ਉੱਠਣ ਦੀ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ।
ਕਾਂਗਰਸ ਜਨਰਲ ਸਕੱਤਰ ਅਤੇ ਯੂਪੀ ਦੀ ਪਾਰਟੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫ਼ੀਸਦੀ ਸੀਟਾਂ ਦੇਵੇਗੀ। ਉਸ ਨੇ ਦਾਅਵਾ ਕੀਤਾ ਸੀ ਕਿ ਇਸ ਕਦਮ ਦਾ ਉਦੇਸ਼ ਹਰੇਕ ਔਰਤ ਨੂੰ ਮਜ਼ਬੂਤ ਬਣਾਉਣਾ ਹੈ, ਜੋ ਆਪਣੇ ਸੂਬੇ ਦੀ ਏਕਤਾ, ਇਨਸਾਫ਼ ਅਤੇ ਤਬਦੀਲੀ ਚਾਹੁੰਦੀ ਹੈ ਅਤੇ ਉਹ ਔਰਤਾਂ ਨੂੰ ਜਾਤ ਤੇ ਧਰਮ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਹੈ, ਜੋ ਉਨ੍ਹਾਂ ਨੂੰ ਇੱਕ ਸ਼ਕਤੀ ਵਜੋਂ ਉਭਰਨ ਤੋਂ ਰੋਕ ਰਹੀਆਂ ਹਨ। ਇਸ ਫ਼ੈਸਲੇ ਨਾਲ ਕਾਂਗਰਸ ਨੂੰ 403 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲਗਪਗ 160 ਔਰਤਾਂ ਨੂੰ ਟਿਕਟ ਦੇਣੀ ਹੋਵੇਗੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਪਾਰਟੀ ਦੀ ਰਣਨੀਤੀ ਔਰਤਾਂ ਦੀ ਸਦਨ ਵਿੱਚ ਬਿਹਤਰ ਨੁਮਾਇੰਦਗੀ ਲਈ ਰਾਹ ਪੱਧਰਾ ਕਰੇਗੀ ਕਿਉਂਕਿ ਉਨ੍ਹਾਂ ਦੀ ਮੌਜੂਦਾ ਵਿਧਾਨ ਸਭਾ ਵਿੱਚ ਮੌਜੂਦਗੀ ਸਿਰਫ਼ ਦਸ ਫ਼ੀਸਦੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ। ਕੀ ਸਿਆਸੀ ਵਿਰੋਧੀ 2017 ਦੀਆਂ ਚੋਣਾਂ ਦੇ ਮੁਕਾਬਲੇ ਔਰਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਸੁਚੇਤ ਕਦਮ ਚੁੱਕਣਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ 40 ਔਰਤਾਂ ਨੇ ਸਦਨ ਵਿੱਚ ਥਾਂ ਬਣਾਈ ਸੀ। ਸਾਲ 2012 ਵਿੱਚ 35 ਔਰਤਾਂ ਵਿਧਾਇਕ ਬਣੀਆਂ ਸਨ। -ਪੀਟੀਆਈ