ਗੁਹਾਟੀ: ਅਸਾਮ ਦੇ ਜੋਰਹਾਟ ’ਚ ਵੀਰਵਾਰ ਨੂੰ ਇੰਡੀਗੋ ਦਾ ਇਕ ਜਹਾਜ਼ ਉਡਾਣ ਭਰਨ ਵੇਲੇ ਹਵਾਈ ਪੱਟੀ ਤੋਂ ਤਿਲਕ ਗਿਆ ਜਿਸ ਕਾਰਨ ਉਸ ਦੇ ਦੋ ਪਹੀਏ ਚਿੱਕੜ ਵਾਲੀ ਥਾਂ ’ਤੇ ਫਸ ਗਏ। ਘਟਨਾ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕੋਲਕਾਤਾ ਜਾ ਰਹੇ ਇਸ ਜਹਾਜ਼ ’ਚ 98 ਮੁਸਾਫ਼ਰ ਸਵਾਰ ਸਨ ਅਤੇ ਘਟਨਾ ਮਗਰੋਂ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਏਅਰਲਾਈਨਜ਼ ਨੇ ਬਿਆਨ ’ਚ ਕਿਹਾ ਕਿ ਇੰਡੀਗੋ ਦੀ ਜੋਰਹਾਟ ਤੋਂ ਕੋਲਕਾਤਾ ਜਾ ਰਹੀ ਉਡਾਣ 6ਈ-757 ਨੂੰ ਵਾਪਸ ਖੜ੍ਹਾ ਕਰਨਾ ਪੈ ਗਿਆ ਕਿਉਂਕਿ ਇਸ ਦੇ ਮੁੱਖ ਪਹੀਏ ਅੰਸ਼ਕ ਤੌਰ ’ਤੇ ਘਾਹ ਉਪਰ ਚਲੇ ਗਏ ਸਨ। ਪਾਇਲਟ ਨੇ ਇਹਤਿਆਤ ਵਜੋਂ ਉਡਾਣ ਰੋਕ ਲਈ ਅਤੇ ਲੋੜੀਂਦੀ ਜਾਂਚ ਕਰਨ ਲਈ ਕਿਹਾ। ਬਿਆਨ ਮੁਤਾਬਕ ਜਹਾਜ਼ ਦੀ ਜਾਂਚ ਦੌਰਾਨ ਉਸ ’ਚ ਕੋਈ ਨੁਕਸ ਨਹੀਂ ਮਿਲਿਆ ਪਰ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇੰਡੀਗੋ ਦੀ ਕੋਲਕਾਤਾ ਜਾਣ ਵਾਲੀ ਉਡਾਣ ਕਈ ਘੰਟੇ ਤੱਕ ਤਕਨੀਕੀ ਕਾਰਨਾਂ ਕਰਕੇ ਜੋਰਹਾਟ ’ਚ ਰੁਕੀ ਰਹੀ ਜਿਸ ਮਗਰੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਥਾਨਕ ਪੱਤਰਕਾਰ ਨੇ ਟਵਿੱਟਰ ’ਤੇ ਜਹਾਜ਼ ਦੀ ਤਸਵੀਰ ਅਪਲੋਡ ਕਰ ਦਿੱਤੀ ਸੀ ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਦੇ ਪਹੀਏ ਰਨਵੇਅ ਤੋਂ ਅਗਾਂਹ ਘਾਹ ’ਚ ਫਸੇ ਹੋਏ ਹਨ। ਉਸ ਦਾ ਟਵੀਟ ਦੇਖਣ ਮਗਰੋਂ ਇੰਡੀਗੋ ਨੇ ਪੋਸਟ ਪਾ ਕੇ ਜਵਾਬ ਦਿੱਤਾ ਸੀ ਕਿ ਉਹ ਸਬੰਧਤ ਟੀਮ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਸ ਜਤਾਈ ਕਿ ਮੁਸਾਫ਼ਰ ਠੀਕ-ਠਾਕ ਹਨ। -ਪੀਟੀਆਈ