ਮੁੰਬਈ, 4 ਦਸੰਬਰ
ਜਲ ਸੈਨਾ ਦਿਵਸ ਮੌਕੇ ਭਾਰਤੀ ਜਲ ਸੈਨਾ ਨੇ ਸ਼ਨਿੱਚਰਵਾਰ ਨੂੰ ਇੱਥੇ ਗੇਟਵੇਅ ਆਫ ਇੰਡੀਆ ਦੇ ਸਾਹਮਣੇ ਵੈਸਟਰਨ ਨਵਲ ਕਮਾਂਡ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਕੌਮੀ ਝੰਡਾ ਲਹਿਰਾਇਆ। ਅਧਿਕਾਰੀਆਂ ਨੇ ਦੱਸਿਆ ਕਿ ਖਾਦੀ ਦੇ ਬਣੇ ਭਾਰਤੀ ਤਿਰੰਗੇ ਦੀ ਲੰਬਾਈ 225 ਅਤੇ ਚੌੜਾਈ 150 ਫੁੱਟ ਹੈ। ਇਸ ਦਾ ਵਜ਼ਨ 1.4 ਟਨ (1400 ਕਿਲੋਗ੍ਰਾਮ) ਹੈ। ਇਸ ਨੂੰ ਖਾਦੀ ਤੇ ਦਿਹਾਤੀ ਉਦਯੋਗਿਕ ਕਮਿਸ਼ਨ ਵੱਲੋਂ ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਤਿਆਰ ਕੀਤਾ ਗਿਆ ਹੈ। ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰਾਂ ਨੇ ਜਲ ਸੈਨਾ ਦਿਵਸ ਮੌਕੇ ਜਵਾਨਾਂ, ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਜਲ ਸੈਨਾ ਦਿਵਸ ਹਰ ਸਾਲ 4 ਦਸੰਬਰ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਕਰਾਚੀ ਹਾਰਬਰ ’ਤੇ ਕੀਤੇ ਗਏ ਹਮਲੇ ਦੀ ਯਾਦ ’ਚ ਮਨਾਇਆ ਜਾਂਦਾ ਹੈ।