ਨਵੀਂ ਦਿੱਲੀ, 5 ਸਤੰਬਰ
ਕੇਂਦਰ ਸਰਕਾਰ ਦੀ ਪੈਟਰੋਲੀਅਮ ਪਦਾਰਥਾਂ ’ਤੇ ਐਕਸਾਈਜ਼ ਡਿਊਟੀ ਵਸੂਲੀ ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ’ਚ 48 ਫ਼ੀਸਦ ਵਧ ਗਈ ਹੈ। ਇਸ ਦੌਰਾਨ ਹਾਸਲ ਹੋਇਆ ਵਾਧੂ ਐਕਸਾਈਜ਼ ਪੂਰੇ ਵਿੱਤੀ ਵਰ੍ਹੇ ਦੌਰਾਨ ਤੇਲ ਬਾਂਡ ਦੇਣਦਾਰੀ ਦਾ ਤਿੰਨ ਗੁਣਾ ਹੈ। ਕੇਂਦਰੀ ਵਿੱਤ ਮੰਤਰਾਲੇ ਤਹਿਤ ਆਉਂਦੇ ਕੰਟਰੋਲਰ ਜਨਰਲ ਆਫ਼ ਅਕਾਊਂਟਸ ਦੇ ਅੰਕੜਿਆਂ ਮੁਤਾਬਕ ਅਪਰੈਲ-ਜੁਲਾਈ 2021 ਦੌਰਾਨ ਐਕਸਾਈਜ਼ ਡਿਊਟੀ ਵਸੂਲੀ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੋਈ ਹੈ ਜੋ ਪਿਛਲੇ ਵਿੱਤੀ ਵਰ੍ਹੇ ਦੇ ਇਸੇ ਸਮੇਂ ਦੌਰਾਨ 67,895 ਕਰੋੜ ਰੁਪਏ ਸੀ। ਜੀਐੱਸਟੀ ਲਾਗੂ ਹੋਣ ਮਗਰੋਂ ਐਕਸਾਈਜ਼ ਡਿਊਟੀ ਸਿਰਫ਼ ਪੈਟਰੋਲ, ਡੀਜ਼ਲ, ਏਟੀਐੱਫ ਅਤੇ ਕੁਦਰਤੀ ਗੈਸ ’ਤੇ ਲਾਈ ਜਾਂਦੀ ਹੈ। ਇਨ੍ਹਾਂ ਵਸਤਾਂ ਨੂੰ ਛੱਡ ਕੇ ਹੋਰ ਸਾਰੀਆਂ ਵਸਤਾਂ ਜੀਐੱਸਟੀ ਦੇ ਘੇਰੇ ਅੰਦਰ ਹਨ। ਵਿੱਤੀ ਵਰ੍ਹੇ 2021-22 ਦੇ ਪਹਿਲੇ ਚਾਰ ਮਹੀਨਿਆਂ (ਅਪਰੈਲ ਤੋਂ ਜੁਲਾਈ) ’ਚ 32,492 ਕਰੋੜ ਰੁਪਏ ਦਾ ਵਾਧਾ ਦਰਜ ਹੋਇਆ ਜੋ ਪੂਰੇ ਸਾਲ ਦੀ ਤੇਲ ਬਾਂਡ ਦੇਣਦਾਰੀ ਯਾਨੀ 10 ਹਜ਼ਾਰ ਕਰੋੜ ਰੁਪਏ ਤੋਂ ਤਿੰਨ ਗੁਣਾ ਜ਼ਿਆਦਾ ਹੈ। ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਨੇ ਪੈਟਰੋਲੀਅਮ ਈਂਧਣ ’ਤੇ ਸਬਸਿਡੀ ਦੇਣ ਲਈ ਤੇਲ ਬਾਂਡ ਜਾਰੀ ਕੀਤੇ ਸਨ। ਸੂਤਰਾਂ ਮੁਤਾਬਕ ਵਿਕਰੀ ’ਚ ਤੇਜ਼ੀ ਨਾਲ ਮੌਜੂਦਾ ਵਿੱਤੀ ਵਰ੍ਹੇ ’ਚ ਵਸੂਲੀ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਬੀਤੇ ਕੁਝ ਸਾਲਾਂ ’ਚ ਈਂਧਣ ’ਤੇ ਦਿੱਤੀ ਗਈ ਭਾਰੀ ਸਬਸਿਡੀ ਦੀ ਇਵਜ਼ ’ਚ ਕੀਤੇ ਜਾ ਰਹੇ ਭੁਗਤਾਨ ਕਾਰਨ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦੀ ਜ਼ਿਆਦਾ ਗੁੰਜਾਇਸ਼ ਨਹੀਂ ਬਚੀ ਹੈ। -ਪੀਟੀਆਈ
ਵੱਡੇ ਸ਼ਹਿਰਾਂ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕਟੌਤੀ
ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਵੱਡੇ ਸ਼ਹਿਰਾਂ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕਟੌਤੀ ਕੀਤੀ ਹੈ। ਲਗਾਤਾਰ ਤਿੰਨ ਦਿਨ ਤੱਕ ਕੀਮਤਾਂ ’ਚ ਕੋਈ ਬਦਲਾਅ ਨਾ ਕੀਤੇ ਜਾਣ ਮਗਰੋਂ ਕੌਮੀ ਰਾਜਧਾਨੀ ’ਚ ਪੈਟਰੋਲ ਦੀ ਕੀਮਤ 15 ਪੈਸੇ ਘੱਟ ਕੇ 101.19 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ, ਚੇਨੱਈ ਅਤੇ ਕੋਲਕਾਤਾ ’ਚ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਐਤਵਾਰ ਨੂੰ ਡੀਜ਼ਲ ਦੇ ਭਾਅ ’ਚ ਵੀ ਕਟੌਤੀ ਕੀਤੀ ਗਈ ਹੈ। ਦਿੱਲੀ, ਮੁੰਬਈ, ਚੇਨੱਈ ਅਤੇ ਕੋਲਕਾਤਾ ’ਚ ਡੀਜ਼ਲ ਦੀ ਕੀਮਤ ਕ੍ਰਮਵਾਰ 88.62 ਰੁਪਏ, 96.19, 93.26 ਅਤੇ 91.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਖਪਤਕਾਰਾਂ ਨੂੰ ਆਉਂਦੇ ਦਿਨਾਂ ’ਚ ਰਾਹਤ ਮਿਲਣ ਦੇ ਆਸਾਰ ਹਨ। -ਆਈਏਐਨਐਸ