ਨਵੀਂ ਦਿੱਲੀ: ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਕਿਹਾ ਹੈ ਕਿ ਸਾਲ 2019 ਦੇ ਮੁਕਾਬਲੇ ਸਾਲ 2020 ਵਿੱਚ ਮੌਤ ਰਜਿਸਟ੍ਰੇਸ਼ਨ ਵਿੱਚ ਵਾਧਾ ਪੂਰੀ ਤਰ੍ਹਾਂ ਕਰੋਨਾ ਮੌਤਾਂ ਕਾਰਨ ਨਹੀਂ ਹੋਇਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਏਜੰਸੀਆਂ ਵੱਲੋਂ ਭਾਰਤ ਵਿੱਚ ਕਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵਧਾ-ਚੜ੍ਹਾ ਕੇ ਦੱਸਣ ਦਾ ਰੁਝਾਨ ਬੰਦ ਹੋਣਾ ਚਾਹੀਦਾ ਹੈ। ਕੋਵਿਡ- 19 ਟਾਸਕ ਫੋਰਸ ਦੇ ਮੁਖੀ ਸ੍ਰੀ ਪੌਲ ਨੇ ਮਿਸਾਲ ਵਜੋਂ ‘ਲਾਸੈਂਟ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਦਾ ਹਵਾਲਾ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਨਵਰੀ 2020 ਤੋਂ ਦਸੰਬਰ 2021 ਤੱਕ ਕਰੋਨਾ ਕਾਰਨ ਭਾਰਤ ਵਿੱਚ ਹੋਈਆਂ ਅਨੁਮਾਨਿਤ ਕੁੱਲ ਮੌਤਾਂ ਦੀ ਗਿਣਤੀ ਖ਼ਬਰਾਂ ’ਚ ਨਸ਼ਰ ਅੰਕੜਿਆਂ ਤੋਂ ਅੱਠ ਗੁਣਾਂ ਵੱਧ ਸੀ। ਇਸ ’ਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਭਾਰਤ ’ਚ ਕਰੋਨਾ ਕਾਰਨ ਅਨੁਮਾਨਿਤ ਕੁੱਲ ਮੌਤਾਂ ਦੀ ਗਿਣਤੀ ਵਿਸ਼ਵ ਭਰ ਵਿੱਚੋਂ ਸਭ ਤੋਂ ਵੱਧ 4.07 ਮਿਲੀਅਨ ਸੀ। ਦੱਸਣਯੋਗ ਹੈ ਕਿ ਸਰਕਾਰ ਨੇ ਮੰਗਲਵਾਰ ਨੂੰ ਜਨਮ ਤੇ ਮੌਤਾਂ ਦੀ ਗਿਣਤੀ ’ਤੇ ਅਧਾਰਿਤ ‘ਸਿਵਲ ਰਜਿਸਟ੍ਰੇਸ਼ਨ ਸਿਸਟਮ ਰਿਪੋਰਟ 2020’ ਪ੍ਰਕਾਸ਼ਿਤ ਕੀਤੀ ਸੀ। -ਪੀਟੀਆਈ