ਨਵੀਂ ਦਿੱਲੀ, 3 ਜੁਲਾਈ
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਕੋਵਿਡ-19 ਦਾ ਸਵਦੇਸ਼ੀ ਟੀਕਾ 15 ਅਗਸਤ ਤੱਕ ਮੁਹੱਈਆ ਕਰਨ ਦੇ ਮਕਸਦ ਨਾਲ ਚੋਣਵੀਆਂ ਮੈਡੀਕਲ ਸੰਸਥਾਵਾਂ ਤੇ ਹਸਪਤਾਲਾਂ ਨੂੰ ਕਿਹਾ ਕਿ ਉਹ ਭਾਰਤ ਬਾਇਓਟੈੱਕ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਜਾ ਰਹੇ ਸੰਭਾਵੀ ਟੀਕੇ ‘ਕੋਵੈਕਸੀਨ’ ਦੀ ਅਜ਼ਮਾਇਸ਼ ਲਈ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ। ਆਈਸੀਐੱਮਆਰ ਨੇ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਹ ਟਰਾਇਲ 7 ਜੁਲਾਈ ਤੋਂ ਪਹਿਲਾਂ ਸ਼ੁਰੂ ਹੋ ਜਾਵੇ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਸਾਰੇ ਕਲੀਨੀਕਲ ਟਰਾਇਲ ਪੂਰੇ ਹੋਣ ਮਗਰੋਂ 15 ਅਗਸਤ ਤੱਕ ਟੀਕਿਆਂ ਨੂੰ ਮੈਡੀਕਲ ਵਰਤੋਂ ਲਈ ਮੁਹੱਈਆ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸੇ ਦੌਰਾਨ ਕੈਡਿਲਾ ਹੈਲਥਕੇਅਰ ਸਮੂਹ ਦੀ ਕੰਪਨੀ ਜ਼ਾਇਡਸ ਨੂੰ ਵੀ ਕੋਵਿਡ-19 ਦੇ ਸਵਦੇਸ਼ੀ ਢੰਗ ਨਾਲ ਵਿਕਸਿਤ ਸੰਭਾਵੀ ਟੀਕੇ ਦਾ ਮਨੁੱਖੀ ਪ੍ਰੀਖਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
-ਪੀਟੀਆਈ