ਨਵੀਂ ਦਿੱਲੀ, 23 ਅਕਤੂਬਰ
ਕੇਂਦਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਦੋ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ (ਆਰਜੀਸੀਟੀ) ਦਾ ਵਿਦੇਸ਼ ਯੋਗਦਾਨ ਰੈਗੂਲੇਟਰ ਕਾਨੂੰਨ (ਐੱਫਸੀਆਰਏ) ਲਾਇਸੈਂਸ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਗ੍ਰਹਿ ਮੰਤਰਾਲੇ ਵੱਲੋਂ 2020 ਵਿੱਚ ਕਾਇਮ ਇੱਕ ਅੰਤਰ-ਮੰਤਰਾਲਾ ਕਮੇਟੀ ਦੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ, ‘‘ਰਾਜੀਵ ਗਾਂਧੀ ਫਾਊਂਡੇਸ਼ਨ ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਖ਼ਿਲਾਫ਼ ਜਾਂਚ ਮਗਰੋਂ ਉਨ੍ਹਾਂ ਦਾ ਐੱਫਸੀਆਰਏ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।’’ ਜਾਂਚਕਰਤਾਵਾਂ ਨੇ ਚੀਨ ਸਣੇ ਵਿਦੇਸ਼ਾਂ ਤੋਂ ਧਨ ਪ੍ਰਾਪਤ ਕਰਦੇ ਸਮੇਂ ਮਨੀ ਲਾਂਡਰਿੰਗ, ਫੰਡ ਦੀ ਦੁਰਵਰਤੋਂ ਅਤੇ ਆਮਦਨ ਕਰ ਰਿਟਰਨ ਭਰਨ ਸਮੇਂ ਦਸਤਵੇਜ਼ਾਂ ਵਿੱਚ ਹੇਰਾਫੇਰੀ ਦੀ ਦੋਸ਼ਾਂ ਦੀ ਜਾਂਚ ਕੀਤੀ। ਇਨ੍ਹਾਂ ਤੋਂ ਇਲਾਵਾ ‘ਇੰਦਰਾ ਗਾਂਧੀ ਮੈਮੋਰੀਅਲ ਟਰੱਸਟ’ ਵੀ ਜਾਂਚ ਦੇ ਘੇਰੇ ਵਿੱਚ ਆਇਆ ਸੀ। ਫਿਲਹਾਲ ਇਸ ਤੀਜੇ ਸੰਗਠਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। -ਪੀਟੀਆਈ