ਨਵੀਂ ਦਿੱਲੀ, 11 ਦਸੰਬਰ
ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਪੁੱਛਿਆ ਹੈ ਕਿ ਉਸ ਨੇ ਐੱਨਬੀਐੱਸਏ ਦੀ ਰਿਪੋਰਟ ਤੋਂ ਬਾਅਦ ਕੀ ਕਾਰਵਾਈ ਕੀਤੀ ਹੈ, ਜਿਸ ਮੁਤਾਬਕ ਕਈ ਟੀਵੀ ਚੈਨਲਾਂ ਵੱਲੋਂ ਅਦਾਕਾਰ ਰਕੁਲਪ੍ਰੀਤ ਸਿੰਘ ਨੂੰ ਰੀਆ ਚੱਕਰਵਰਤੀ ਡਰੱਗ ਕੇਸ ਨਾਲ ਜੋੜਨ ਸਬੰਧੀ ਖ਼ਬਰਾਂ ਦੇ ਪ੍ਰਸਾਰਣ ਵਿੱਚ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਸੀ। ਜਸਟਿਸ ਨਵੀਨ ਚਾਵਲਾ ਨੇ ਕੇਂਦਰ ਨੂੰ ਇਸ ਮਾਮਲੇ ਵਿੱਚ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਅਤੇ ਐੱਨਬੀਐੱਸਏ ਦੀ ਰਿਪੋਰਟ ਦੇ ਮੱਦੇਨਜ਼ਰ ਤਾਜ਼ਾ ਸਥਿਤੀ ਦੀ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ ਜਿਸਦੀ ਅਗਵਾਈ ਐਡੀਸ਼ਨਲ ਸੌਲੀਸਿਟਰ ਜਨਰਲ (ਏਐੱਸਜੀ) ਚੇਤਨ ਸ਼ਰਮਾ ਅਤੇ ਕੇਂਦਰ ਸਰਕਾਰ ਦੇ ਸਥਾਈ ਵਕੀਲ ਅਜੈ ਦਿਗਪਾਲ ਨੇ ਕੀਤੀ ਹੈ। ਨਿਊਜ਼ ਬਰਾਡਕਾਸਟਿੰਗ ਸਟੈਂਡਰਡ ਅਥਾਰਿਟੀ ਨੂੰ ਰਕੁਲ ਵੱਲੋਂ ਵੱਖ-ਵੱਖ ਟੀਵੀ ਚੈਨਲਾਂ ਵਿਰੁੱਧ ਰੀਆ ਚੱਕਰਵਰਤੀ ਡਰੱਗ ਕੇਸ ਨਾਲ ਜੋੜਨ ਦੀਆਂ ਸ਼ਿਕਾਇਤਾਂ ’ਤੇ ਆਪਣੀ ਰਿਪੋਰਟ ਦਰਜ ਕਰਨ ਲਈ ਕਿਹਾ ਗਿਆ ਸੀ ਤੇ ਅਦਾਲਤ ਨੇ ਮਾਮਲਾ 4 ਮਾਰਚ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਸੀ।
-ਪੀਟੀਆਈ